Articles

ਸਫ਼ਲ ਗਾਇਕ, ਸਫ਼ਲਤਮ ਨਾਇਕ ਤੇ ਸਫ਼ਲ ਨਿਰਮਾਤਾ-ਨਿਰਦੇਸ਼ਕ - ਗਿੱਪੀ ਗਰੇਵਾਲ

ਬਹੁਪੱਖੀ ਕਲਾ ਦੇ ਧਨੀ ਗਿੱਪੀ ਗਰੇਵਾਲ ਦਾ ਨਾਂਅ ਅੱਜ ਹਰ ਪੰਜਾਬੀ ਪਰਿਵਾਰ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਗਾਇਕੀ ਤੋਂ ਸਫ਼ਰ ਸ਼ੁਰੂ ਕਰ ਕੇ ਅਦਾਕਾਰੀ, ਫ਼ਿਲਮ ਨਿਰਮਾਣ ਅਤੇ ਨਿਰਦੇਸ਼ਨ ਤੱਕ ਗਿੱਪੀ ਗਰੇਵਾਲ ਦਾ ਕਰੀਅਰ ਕਈ ਪੜਾਵਾਂ ਵਿੱਚੋਂ ਲੰਘਿਆ ਹੈ।ਜੇਕਰ ਉਸਦੇ ਸ਼ੁਰੂਆਤੀ ਦੌਰ ਨੂੰ ਦੇਖੀਏ ਤਾਂ ਬਹੁਤਿਆਂ ਨੂੰ ਉਸਦੇ ਗਾਇਕ ਹੋਣ ‘ਤੇ ਵੀ ‘ਇਤਰਾਜ਼’ ਸੀ ਪਰ ਉਸਨੇ ਸਖ਼ਤ ਮੇਹਨਤ ਅਤੇ ਆਪਣੀ ਲਿਆਕਤ ਸਦਕਾ ਨਾ ਸਿਰਫ਼ ਗਾਇਕੀ ਬਲਕਿ ਅਦਾਕਾਰੀ ਤੋਂ ਨਿਰਦੇਸ਼ਨ ਤੱਕ ਆਪਣੀ ਜਗ੍ਹਾ ਆਪ ਬਣਾਈ ਅਤੇ ਆਪਣੀ ਹੋਂਦ ਨੂੰ ਦਰਸਾਇਆ ਹੈ। ਅੱਜ ਬਿਨਾਂ ਸ਼ੱਕ ਉਹ ਇੱਕ ਸਫ਼ਲ ਗਾਇਕ, ਸਫ਼ਲਤਮ ਨਾਇਕ ਅਤੇ ਸਫ਼ਲ ਨਿਰਮਾਤਾ-ਨਿਰਦੇਸ਼ਕ ਵਜੋਂ ਸਫਲਤਾ ਦੀਆਂ ਮੰਜਿਲਾਂ ਨੂੰ ਛੂਹ ਰਿਹਾ ਹੈ। ਇਸ ਲੋਕਪ੍ਰਿਯਤਾ ਦੇ ਚਲਦੇ ਹੀ ਸਰੋਤੇ ਵੀ ਗਿੱਪੀ ਦੀਆਂ ਆਉਣ ਵਾਲੀਆਂ ਫਿਲਮਾਂ ਅਤੇ ਉਨਾਂ ਦੇ ਗੀਤਾਂ ਦੀ ਉਡੀਕ ਬਹੁਤ ਹੀ ਬੇਸਬਰੀ ਨਾਲ ਕਰਦੇ ਹਨ।

ਅੱਜ ਗਿੱਪੀ ਗਰੇਵਾਲ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ।ਗਿੱਪੀ ਗਰੇਵਾਲ ਦਾ ਅਸਲੀ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ। ਗਿੱਪੀ ਦਾ ਜਨਮ 2 ਜਨਵਰੀ, 1984 ਨੂੰ ਪਿੰਡ ਕੂਮ ਕਲਾਂ, ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਆਪਣੀ ਪਹਿਲੀ ਐਲਬਮ ‘ਚੱਕ ਲੈ’ ਨਾਲ ਡੈਬਿਊ ਕੀਤਾ, ਜਿਸ ਨੂੰ ਅਮਨ ਹਾਇਰ ਨੇ ਪ੍ਰੋਡਿਊਸ ਕੀਤਾ ਸੀ।ਗਿੱਪੀ ਗਰੇਵਾਲ ਦੀ ਸਫਲ ਗਾਇਕੀ ਦੀ ਗੱਲ ਕੀਤੀ ਜਾਏ ਤਾਂ ਉਨਾਂ ਵਲੋਂ ਹੁਣ ਤੱਕ ਗਾਏ ਦਰਜਨਾਂ ਹੀ ਗੀਤ ‘ਮੇਲੇ ਮਿੱਤਰਾਂ ਦੇ’, ‘ਫੁੱਲਕਾਰੀ’, ‘ਅੱਖ ਲੜ ਗਈ’, ‘ਡਾਂਗ’, ‘ਫਰਾਰੀ’, ‘ਮੁਲਾਜੇਦਾਰੀਆਂ’, ‘ਰੱਖ ਹੌਸਲੇ’, ‘ਅੰਗਰੇਜੀ ਬੀਟ’, ‘ਪਿੰਡ ਨਾਨਕੇ’, ‘ਕੱਚ ਦਾ ਸਮਾਨ’, ‘ਘਰ ਦੀ ਸ਼ਰਾਬ’, ‘ਬਿੱਲੀ ਬਿੱਲੀ ਅੱਖ’, ‘ਸਰਕਾਰਾਂ’, ‘ਮਾਸੀ ਕੋਲ ਗਈ ਸੀ’, ‘ਹਾਏ ਸਵੀਟੀ ਫੋਨ ਤਾਂ ਚੁੱਕ ਲਿਆ ਕਰ’, ‘ਹੈਲੋ-ਹੈਲੋ’, ‘ਓਸਕਰ’, ‘ਘੱਟ ਬੋਲਦੀ’, ਪੱਟ ਲੈਣਗੇ’, ‘ਲਾਹੌਰ’, ’26-26′, ‘ਘੱਟ ਬੋਲਦੀ’, ‘ਜੱਟ ਓਨ ਟੌਪ’, ‘ਹਿੱਕ ਵਿਚ ਜਾਨ’, ‘ਦੁਬਈ ਵਾਲੇ ਸੇਖ’,’ਕਾਰ ਨੱਚਦੀ’, ‘ਵੇਲਨਾ’ ਅਤੇ ‘ਨਹੀਂ ਛੱਡ ਦਾ’ ਆਦਿ ਤੋਂ ਇਲਾਵਾ ਪੰਜਾਬੀ ਫਿਲਮਾਂ ‘ਚ ਗਾਏ ਅਨੇਕਾਂ ਹੀ ਗੀਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਪੂਰੀ ਤਰਾਂ ਤਾਜ਼ਾ ਹਨ ‘ਤੇ ਆਮ ਸੁਨਣ ਨੂੰ ਮਿਲਦੇ ਹਨ।

ਗਿੱਪੀ ਨੇ ਗਾਇਕੀ ਦੇ ਨਾਲ-ਨਾਲ ਪੰਜਾਬੀ ਸਿਨੇਮੇ ‘ਚ ਵੀ ਖਾਸ ਜਗਾ੍ਹ ਬਣਾਈ ਹੈ।ਜੇਕਰ ਗਿੱਪੀ ਗਰੇਵਾਲ ਦੀ ਦਮਦਾਰ ਅਦਾਕਾਰੀ ਦੀ ਗੱਲ ਕੀਤੀ ਜਾਏ ਤਾਂ ਕੋਮਾਂਤਰੀ ਪੱਧਰ ਤੇ ਨਾਂਅ ਕਮਾਉਣ ਵਾਲੀਆਂ ਪੰਜਾਬੀ ਫਿਲਮਾਂ ‘ਮੇਲ ਕਰਾਦੇ ਰੱਬਾ’, ‘ਜਿਨੇ ਮੇਰਾ ਦਿਲ ਲੁਟਿਆ’, ‘ਮਿਰਜ਼ਾ’, ‘ਬੇਸਟ ਆਫ ਲੱਕ’, ‘ਭਾਜੀ ਇਨ ਪ੍ਰੋਬਲਮ’, ‘ਸਿੰਘ ਵਿਸਰਜ ਕੌਰ’ ‘ਕੈਰੀ ਆਨ ਜੱਟਾ’ ‘ਲੱਕੀ ਦੀ ਅਨਲੱਕੀ ਸਟੋਰੀ’, ‘ਡਬਲ ਦੀ ਟਰਬਲ’,’ਜੱਟ ਜੈਮਸ ਬਾਂਡ’, ‘ਫਰਾਰ’ ‘ਲੌਕ’, ‘ਅਰਦਾਸ’, ‘ਕਪਤਾਨ’ ਅਤੇ ‘ਮੰਜੇ ਬਿਸਤਰੇ’ ਤੋਂ ਇਲਾਵਾ ਬਾਲੀਵੁੱਡ ਫਿਲਮ ‘ਸੈਕੇਂਡ ਹੈਂਡ ਸਹਬੈਂਡ’ ਅਤੇ ਲਖਨਊ ਸੈਂਟਰਲ’ ਵਿਚ ਵੀ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮੰਨਵਾ ਚੁੱਕਾ ਹੈ।


ਗਿੱਪੀ ਗਰੇਵਾਲ ਦੀ ਇਕ ਇਹ ਵੀ ਖਾਸੀਅਤ ਹੈ ਕਿ ਉਸ ਨੇ ਬਾਕੀ ਕਲਾਕਾਰਾਂ ਵਾਂਗ ਆਪਣੇ ਵਿਆਹੁਤਾ ਜੀਵਨ ਤੇ ਨਿੱਜੀ ਜਿੰਦਗੀ ਬਾਰੇ ਫੈਨਸ ਤੋਂ ਲੁਕਾਅ ਨਹੀਂ ਰੱਖਿਆ ਹੈ ਉਹ ਅਕਸਰ ਹੀ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ।ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਰ ਦੀ ਪਤਨੀ ਦਾ ਨਾਂ ਰਵਨੀਤ ਕੌਰ ਗਰੇਵਾਲ ਹੈ ਅਤੇ ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ਦੇ ਨਾਂ ਗੁਰਫਤਿਹ ਸਿੰਘ ਗਰੇਵਾਲ (ਛਿੰਦਾ) ਅਤੇ ਇਕਓਮਕਾਰ ਸਿੰਘ ਗਰੇਵਾਲ (ਏਕਮ) ਹੈ।

 

191 ਟਿੱਪਣੀਆਂ

ਜਵਾਬ ਦੇਵੋ