ArticlesMovie News

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਮਨੋਰੰਜਨ ਭਰਪੂਰ ਫ਼ਿਲਮ 'ਮੁਕਲਾਵਾ', 24 ਮਈ ਨੂੰ ਹੋਵੇਗੀ ਰਿਲੀਜ਼

ਪਾਲੀਵੁੱਡ ਪੋਸਟ- ਐਮੀ ਵਿਰਕ ਪੰਜਾਬੀ ਸਿਨਮੇ ਦਾ ਇੱਕ ਉਹ ਅਦਾਕਾਰ ਹੈ ਜਿਸ ਦੀਆਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ। ‘ਅੰਗਰੇਜ਼’ ਫ਼ਿਲਮ ਵਿਚਲੇ ਹਾਕਮ ਦੇ ਕਿਰਦਾਰ ਨਾਲ ਹੀ ਉਹ ਦਰਸ਼ਕਾਂ ਦੇ ਦਿਲਾਂ ‘ਚ ਥਾਂ ਬਣਾ ਗਿਆ ਸੀ। ਜਿੱਥੇ ਉਸਨੇ ਅਰਦਾਸ’ ਫ਼ਿਲਮ ‘ਚ ਕਰਜ਼ਈ ਜੱਟ ਦਾ ਪੁੱਤ ਬਣਕੇ ਇੱਕ ਚਣੌਤੀ ਭਰਿਆ ਕਿਰਦਾਰ ਨਿਭਾਇਆ, ਉੱਥੇ ਰੁਮਾਂਟਿਕ ਤੇ ਸੰਗੀਤਕ ਫ਼ਿਲਮ ‘ਕਿਸਮਤ’ ਨਾਲ ਸੌਹਰਤ ਦੀਆਂ ਸਿਖਰਾਂ ਨੂੰ ਛੋਹਿਆ। ਨਿਰਦੇਸ਼ਕ ਸਿਮਰਜੀਤ ਨਾਲ ਉਸਦੀ ਚੰਗੀ ਸਾਂਝ ਹੈ। ਜਿਸਦੀ ਨਿਰਦੇਸ਼ਨਾਂ ਹੇਠ ਐਮੀ ਵਿਰਕ ਨੇ ਸੋਨਮ ਬਾਜਵਾ ਨਾਲ ‘ਨਿੱਕਾ ਜੈਲਦਾਰ 1’ ਅਤੇ ‘ਨਿੱਕਾ ਜ਼ੈਲਦਾਰ 2’ ਫ਼ਿਲਮਾਂ ਕਰਕੇ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮਾਂ ਵੱਲ ਆਇਆ। ਐਮੀ ਵਿਰਕ ਦੀਆਂ ਫ਼ਿਲਮਾਂ ਦਾ ਇੱਕ ਵੱਖਰਾ ਦਰਸ਼ਕ ਵਰਗ ਹੈ ਜੋ ਉਸਦੀ ਹਰੇਕ ਫ਼ਿਲਮ ਦੀ ਉਡੀਕ ਕਰਦਾ ਹੈ। ਇੰਨ੍ਹੀਂ ਦਿਨੀਂ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ‘ਮੁਕਲਾਵਾ’ ਫਿਲਮ ਨਾਲ ਮੁੜ ਚਰਚਾ ਵਿੱਚ ਹਨ।
24 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਮਾਣ ਪੰਜਾਬੀ ਫ਼ਿਲਮ ਅਤੇ ਸੰਗੀਤ ਖੇਤਰ ਵਿੱਚ ਵੱਡੀ ਪ੍ਰੋਡਕਸ਼ਨ ਹਾਊਸ ‘ਵਾਈਟ ਹਿੱਲ ਸਟੂਡੀਓਜ਼’ ਵਲੋਂ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਆਇਆ ਇਸਦਾ ਟਰੇਲਰ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਪੁਰਾਤਨ ਵਿਆਹ ਕਲਚਰ ਅਤੇ ਅਲੋਪ ਹੋਏ ਰੀਤੀ ਰਿਵਾਜਾਂ ਬਾਰੇ ਬਣੀ ਇਹ ਫ਼ਿਲਮ 1965 ਦੇ ਜ਼ਮਾਨੇ ਦੀ ਗੱਲ ਕਰਦੀ ਹੈ। ‘ਮੁਕਲਾਵਾ’ ਵਿਆਹ ਨਾਲ ਸਬੰਧਤ ਇੱਕ ਰਸਮ ਹੁੰਦੀ ਸੀ ਜੋ ਅੱਜ ਦੇ ਸਮੇਂ ‘ਚ ਖਤਮ ਹੋ ਚੁੱਕੀ ਹੈ। ਪਹਿਲੇ ਸਮਿਆਂ ਵਿੱਚ ਮਾਂ-ਬਾਪ ਆਪਣੇ ਬੱਚਿਆ ਦਾ ਵਿਆਹ ਨਿੱਕੀ ਉਮਰੇ ਹੀ ਕਰ ਦਿੰਦੇ ਸੀ ਤੇ ਕਈ ਸਾਲਾਂ ਬਾਅਦ ਬੱਚਿਆਂ ਦੇ ਜਵਾਨ ਹੋਣ ‘ਤੇ ਮੁਕਲਾਵਾ ਦਿੱਤਾ ਜਾਂਦਾ ਸੀ। ਫ਼ਿਲਮ ਦਾ ਨਾਇਕ ਛਿੰਦਾ ( ਐਮੀ ਵਿਰਕ) ਜਦ ਜਵਾਨ ਹੁੰਦਾ ਹੈ ਤਾਂ ਉਸਦੇ ਮਨ ਵਿੱਚ ਵੀ ਆਪਣੀ ਵਹੁਟੀ ਤਾਰੋ ( ਸੋਨਮ ਬਾਜਵਾ) ਦਾ ਮੂੰਹ ਵੇਖਣ ਦੀ ਰੀਂਝ ਉੱਠਦੀਹੈ। ਮੁਕਲਾਵੇ ਤੋਂ ਪਹਿਲਾਂ ਹੀ ਆਪਣੀ ਵਹੁਟੀ ਵੇਖਣ ਲਈ ਉਹ ਆਪਣੇ ਯਾਰਾਂ-ਦੋਸਤਾਂ ਦੇ ਕਹਿਣ ‘ਤੇ ਕਈ ਢੰਗ ਤਰੀਕੇ ਵਰਤਦਾ ਹੈ। ਤਾਰੋ ਤੇ ਛਿੰਦੇ ਦੀ ਇਸ ਰੁਮਾਂਸ ਭਰੀ ਕਹਾਣੀ ‘ਚ ਕਈ ਮੋੜ ਆਉਦੇ ਹਨ। ਵਾਇਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੱਧੂ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਨੇ ਦਿੱਤਾ ਹੈ। ਪੁਰਾਤਨ ਸੱਭਿਆਚਾਰ ਅਤੇ ਰੀਤ ਰਿਵਾਜ਼ਾਂ ਨਾਲ ਜੁੜੀ ਇਹ ਫ਼ਿਲਮ ਜਿੱਥੇ ਕਾਮੇਡੀ ਅਤੇ ਰੁਮਾਂਟਿਕਤਾ ਭਰੀ ਹੈ ਉੱਥੇ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਅਤੇ ਰਿਸ਼ਤਿਆਂ ਦਾ ਮੋਹ ਦਰਸਾਉਂਦੀ ਮਨੋਰੰਜਨ ਭਰਪੂਰ ਕਹਾਣੀ ਹੈ। ਐਮੀ ਵਿਰਕ, ਸੋਨਮ ਬਾਜਵਾ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਸੁਖਬੀਰ ਸਿੰਘ ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਰਾਖੀ ਹੁੰਦਲ, ਸਰਬਜੀਤ ਚੀਮਾ,ਦ੍ਰਿਸ਼ਟੀ ਗਰੇਵਾਲ, ਤਰਸੇਮ ਪੌਲ, ਅਨੀਤਾ ਸਬਦੀਸ਼, ਸੁਖਵਿੰਦਰ ਚਹਿਲ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ ਤੇ ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ਫ਼ਿਲਮ ਦੇ ਗੀਤ ਹੈਪੀ ਰਾਏਕੋਟੀ, ਹਰਮਨਜੀਤ , ਵਿੰਦਰ ਨੱਥੂਮਾਜਰਾ, ਅਤੇ ਵੀਤ ਬਲਜੀਤ ਨੇ ਲਿਖੇ ਹਨ। 24 ਮਈ ਨੂੰ ਇਹ ਫ਼ਿਲਮ ਵਾਈਟਹਿੱਲ ਸਟੂਡੀਓਜ਼ ਵਲੋਂ ਪੰਜਾਬ, ਹਰਿਆਣਾ, ਮੁੰਬਈ, ਦਿੱਲੀ, ਅਤੇ ਅਮੇਰਿਕਾ, ਕਾਨੈਡਾ, ਇੰਗਲੈਂਡ, ਨਿਊਜੀਲੈਂਡ, ਆਸਟਰੇਲੀਆ ਸਮੇਤ 20 ਮੁਲਕਾਂ ਵਿੱਚ ਵੱਡੇ ਪੱਧਰ ‘ਤੇ ਰਿਲੀਜ਼ ਕੀਤੀ ਜਾਵੇਗੀ।

Leave a Reply