Music

2500 ਫੁੱਟ ਦੀ ਉੱਚਾਈ ਤੇ ਗਿਟਾਰ ਵਜਾ ਕੇ ਅਹਿਨ ਨੇ 'ਬੁੱਕ ਆਫ ਰਿਕਾਰਡਸ' 'ਚ ਪਹਿਲਾ ਨਾਂ ਦਰਜ ਕਰਵਾਉਣ ਦਾ ਕੀਤਾ ਦਾਅਵਾ।

ਪਾਲੀਵੁੱਡ ਪੋਸਟ- ਹਮੇਸ਼ਾਂ ਹੀ ਕੁੱਝ ਵੱਖਰਾ ਕਰਨ ‘ਚ ਯਕੀਨ ਰੱਖਣ ਵਾਲੇ ਫ਼ਨਕਾਰ ਅਹਿਨ ਵਾਨੀ ਵਾਤਿਸ਼ ਆਪਣੇ ਇੱਕ ਹੋਰ ਕਾਰਨਾਮੇ ਕਰਕੇ ਚਰਚਾ ਵਿੱਚ ਹਨ। ਅਹਿਨ ਹੁਰਾਂ ਨੇ ਆਪਣੇ ਬੈਂਡ ਸਾਥੀ ਇੰਦਰ ਧਾਲੀਵਾਲ ਨਾਲ ਮਿਲਕੇ ਜ਼ਮੀਨ ਤੋਂ 2500 ਫੁੱਟ ਤੋਂ ਜ਼ਿਆਦਾ ਉੱਪਰ ਪੈਰਾਗਲਾਇਡ ਕਰਦੇ ਹੋਏ ਹਵਾ ‘ਚ ਗਿਟਾਰ ਵਜਾਇਆ। ਉਹ ਦਾਅਵਾ ਕਰਦੇ ਹਨ ਕਿ ਵਿਸ਼ਵ ‘ਚ ਅਜਿਹਾ ਸਾਹਸ ਭਰਿਆ ਕੰਮ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਇੰਨੀ ਉੱਚਾਈ ਤੇ ਜਾ ਕੇ ਗਿਟਾਰ ਵਜਾਇਆ ਹੋਵੇ। ਜ਼ਿਕਰਯੋਗ ਹੈ ਕਿ ਜਿਸ ਮਸ਼ੀਨ ਰਾਹੀਂ ੳਨ੍ਹਾਂ ਮੱਥੇ ਉਚਾਣ ਭਰੀ ਉਹ ਦੁਨੀਆਂ ਦੀ ਪਹਿਲੀ ਮਸ਼ੀਨ ਹੈ। ਅਹਿਨ ਨੇ ਆਪਣੇ ਨਵੇਂ ਅਉਣ ਵਾਲੇ ਗੀਤ ‘ਰੱਬ ਦਾ ਬੰਦਾ-2’ (ਸਭ ਨੰਗੇ ਹੈ) ਨੂੰ ਧਿਆਨ ‘ਚ ਰੱਖਦੇ ਹੋਏ, ਇਹ ਪੈਰਾਗਲਾਇਡ ਉਡਾਣ ਬਿਨ੍ਹਾਂ ਕਮੀਜ਼ ਪਾਏ ਭਰੀ। ਆਪਣੀ ਇਸ ਉਡਾਣ ਨੂੰ ਸਫਲਤਾਪੂਰਵਕ ਖਤਮ ਕਰਨ ਮਗਰੋਂ ਅਹਿਨ ਅਤੇ ਇੰਦਰ ਆਪਣੇ ਨਾਂ ਵਿਸ਼ਵ ਰਿਕਾਰਡ ਕਾਇਮ ਕਰਨ ਲਈ ਕਾਫ਼ੀ ਉਤਸ਼ਾਹਿਤ ਅਤੇ ਆਸਵੰਦ ਹਨ। ਇੰਦਰ ਧਾਲੀਵਾਲ ਨੇ ਬਤੌਰ ਪੈਰਾਗਲਾਇਡ ਪਾਇਲਟ ਅਹਿਨ ਵਾਤਿਸ਼ ਦਾ ਸਾਥ ਦਿੱਤਾ। ਅਹਿਨ ਵਾਨੀ ਵਾਤਿਸ਼ ਤਕਰੀਬਨ 20 ਤੋਂ 25 ਮਿੰਟ ਤੱਕ, ਬਿਨਾਂ ਕਮੀਜ਼ ਪਾਏ 2500 ਫੁੱਟ ਤੋਂ ਵੱਧ ਉਚਾਈ ਤੇ ਪੈਰਾਗਲਾਇਡ ਕਰਦੇ ਹੋਏ ਗਿਟਾਰ ਵਜਾਉਂਦੇ ਰਹੇ। ਇਹ ਪੈਰਾਗਲਾਇਡ ਸੈਰ ‘ਬੰਟੀ ਬੈਂਸ ਪ੍ਰੋਡਕਸ਼ਨਸ’ ਦੇ ਸਹਿਯੋਗ ਨਾਲ ‘ਸਿੱਖ ਫਲਾਇੰਗ’ ਤੋਂ ਭੁਪਿੰਦਰ ਸਿੰਘ ਦੀ ਦੇਖਰੇਖ ਹੇਠ ਪੂਰੇ ਸੁਰੱਖਿਆ ਪ੍ਰਬੰਧਾਂ ਨਾਲ ਕੀਤੀ ਗਈ। ਅਹਿਨ ਵਾਨੀ ਵਾਤਿਸ਼ ਦੱਸਦੇ ਹਨ ਕਿ ਉਨ੍ਹਾਂ ਦਾ ਅਜਿਹਾ ਕਰਨ ਦਾ ਮਕਸਦ ਹੋਰ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਤਾਂਕਿ ਉਹ ਵੀ ਜ਼ਿੰਦਗੀ ‘ਚ ਕੁੱਝ ਵੱਖਰਾ ਕਰਨ ਦਾ ਹੌਂਸਲਾ ਕਰ ਸਕਣ। ਦੂਸਰਾ, ਉਹ ਆਪਣੇ ਨਵੇਂ ਆਉਣ ਵਾਲੇ ਗੀਤ ‘ਰੱਬ ਦਾ ਬੰਦਾ-2’ (ਸੱਭ ਨੰਗੇ ਹੈ) ਦੀ ਪ੍ਰਮੋਸ਼ਨ ਵੱਖਰੇ ਤਰੀਕੇ ਨਾਲ ਕਰਨਾ ਚਾਹੁੰਦੇ ਸਨ। ਇਸੇ ਨੂੰ ਧਿਆਨ ‘ਚ ਰੱਖਦੇ ਹੋਏ ਉਨ੍ਹਾਂ ਨੇ ਇਹ ਪੈਰਾਗਲਾਇਡ ਸੈਰ ਬਿਨ੍ਹਾਂ ਕਮੀਜ਼ ਪਾਏ ਕੀਤੀ। ਗੀਤ ‘ਰੱਬ ਦਾ ਬੰਦਾ-2’ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਸ਼ੂਟ ਕੀਤਾ ਗਿਆ ਹੈ, ਜੋ ਬਹੁਤ ਜਲਦ ਰਿਲੀਜ਼ ਹੋਵੇਗਾ। ਅਹਿਨ ਵਾਨੀ ਵਾਤਿਸ਼ ਅਜਿਹਾ ਪੰਜਾਬੀ ਫ਼ਨਕਾਰ ਹੈ, ਜਿਸਨੇ ਹਮੇਸ਼ਾਂ ਲੀਕ ਤੋਂ ਹੱਟਕੇ ਗਾਇਆ ਹੈ। ਆਪਣੇ ਗੀਤ ‘ਲਲਾਰ ਵੇ’, ‘ਕਲੀਰ੍ਹੇ’, ‘ਬਾਬਲੇ ਦੀ ਪੱਗ’, ‘ਰੱਬ ਦਾ ਬੰਦਾ’, ‘ਇਸ ਗੀਤ ਦਾ ਕੋਈ ਨਾਮ ਨਹੀਂ’ ਰਾਹੀਂ ਥੋੜ੍ਹੇ ਹੀ ਸਮੇਂ ‘ਚ ਲੱਖਾਂ ਪ੍ਰਸ਼ੰਸਕ ਨੂੰ ਮੁਰੀਦ ਬਣਾ ਲਿਆ। ਗੀਤ ਦੇ ਬੋਲਾਂ ਦੀ ਗੱਲ ਹੋਵੇ ਜਾਂ ਭਾਵੇਂ ਫਿਲਮਾਉਣ ਦੀ, ਉਹ ਹਮੇਸ਼ਾਂ ਹੀ ਕੁੱਝ ਵੱਖਰਾ ਕਰਨ ‘ਚ ਵਿਸ਼ਵਾਸ ਰੱਖਦੇ ਹਨ। ਉਹ ਮੰਨਦੇ ਹਨ ਕਿ ਜ਼ਰੂਰੀ ਨਹੀਂ ਗੀਤਾਂ ‘ਚ ਹਿੰਸਾ ਦਿਖਾ ਕੇ ਹੀ ਉਨ੍ਹਾਂ ਨੂੰ ਹਿੱਟ ਕੀਤਾ ਜਾਵੇ। ਅਸੀਂ ਕੁੱਝ ਵੱਖਰਾ ਕਰਕੇ ਵੀ ਗੀਤ ਹਿੱਟ ਕਰ ਸਕਦੇ ਹਾਂ।