ArticlesFeaturedMovie News

ਫ਼ਿਲਮ ‘ਸੌਂਕਣ-ਸੌਂਕਣੇ’ ਵਿੱਚ ਦੋ ਝਗੜਾਲੂ ਪਤਨੀਆਂ ‘ਚ ਫਸਿਆ ਨਜ਼ਰ ਆਵੇਗਾ ਐਮੀ ਵਿਰਕ

ਪੰਜਾਬੀ
ਗਾਇਕ ਐਮੀ ਵਿਰਕ ਦੀ
ਪੰਜਾਬੀ
ਸਿਨਮੇ ਵਿੱਚ ਇੱਕ ਖ਼ਾਸ ਪਹਿਚਾਣ ਹੈ। ਉਸਨੇ ਜਿਆਦਾਤਰ ਫ਼ਿਲਮਾਂ ਵਿੱਚ ਕਾਮੇਡੀ ਰੰਗਤ ਵਾਲੇ ਕਿਰਦਾਰਾਂ ਨੂੰ ਤਰਜੀਹ ਦਿੱਤੀ ਹੈ। ਜਿਸਨੂੰ ਦਰਸ਼ਕਾਂ ਨੇ ਪਸੰਦ ਵੀ ਕੀਤਾ ਹੈ। ‘ਸਾਬ੍ਹ ਬਹਾਦਰ’ ਅਤੇ ‘ਆ ਜੋ ਮੈਕਸੀਕੋ ਚੱਲੀਏ’ ਫ਼ਿਲਮਾਂ ਉਸਦੀ ਈਮੇਜ਼ ਤੋਂ ਹਟਕੇ ਸੀ, ਜਿਸ ਵਿੱਚ ਚੰਗੀ ਅਦਾਕਾਰੀ ਦੇ ਬਾਵਜੂਦ ਵੀ ਉਹ ਦਰਸ਼ਕਾਂ ਨੂੰ ਓਪਰਾ-ਓਪਰਾ ਜਿਹਾ ਲੱਗਿਆ। ਨਿੱਕਾ ਜ਼ੈਲਦਾਰ’ ਵਰਗੀਆਂ ਫ਼ਿਲਮਾਂ ਦਾ ਸਫ਼ਲ ਨਾਇਕ ਐਮੀ ਵਿਰਕ ਹੁਣ ਨਵੀਂ ਆ ਰਹੀ ਫ਼ਿਲਮ ‘ਸੌਂਕਣ-ਸੌਂਕਣੇ’ ਵਿੱਚ ਦੋ ਝਗੜਾਲੂ ਪਤਨੀਆਂ ਦੇ
‘ਪਿਆਰ’ ਚ ਫਸਿਆ ਨਜ਼ਰ ਆਵੇਗਾ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਉਸਦੀਆਂ ਪਤਨੀਆਂ ਦੇ ਕਿਰਦਾਰ ਵਿੱਚ ਹਨ। ਫ਼ਿਲਮ ਦੀ ਕਹਾਣੀ ਬਾਰੇ ਗੱਲ ਕਰਦਿਆਂ ਐਮੀ ਵਿਰਕ ਨੇ ਕਿਹਾ ਕਿ ‘‘ਇਹ ਫ਼ਿਲਮ ਹਾਸੇ ਤੇ ਜਜ਼ਬਾਤਾਂ ਨਾਲ ਭਰਭੂਰ ਅਤੇ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨਾਲ ਜੁੜੀ ਹੋਈ ਹੈ ਜੋ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਹੈ। ਫ਼ਿਲਮ ਦਾ ਟਾਇਟਲ  ‘ਸੌਂਕਣ-ਸੌਂਕਣੇ’ ਹੈ ਜਿਸ ਬਾਰੇ ਨਵੀਂ ਪੀੜ੍ਹੀ ਬਹੁਤ ਘੱਟ ਜਾਣਦੀ ਹੋਵੇਗੀ। ਇੱਕ ਪਤਨੀ ਦੀ ਰਜਾਮੰਦੀ ਨਾਲ ਪਤੀ ਵਲੋਂ ਦੂਜਾ ਵਿਆਹ ਕਰਵਾ ਕੇ ਲਿਆਂਦੀ ਪਤਨੀ ਪਹਿਲਾਂ ਤਾਂ ਆਪਸ ਵਿੱਚ ਭੈਣਾਂ ਹੀ ਹੁੰਦੀਆਂ ਹਨ…ਕਦੋਂ ਇਹ ‘ਸੌਂਕਣਾਂ’ ਬਣ ਜਾਣ ? ਇਹ ਫ਼ਿਲਮ ਦੀ ਸਕਰੀਨ ’ਤੇ ਪਤਾ ਲੱਗੇਗਾ। ਇਹ ਫ਼ਿਲਮ ਪੰਜਾਬ ਦੇ ਕਲਚਰ ਨਾਲ ਜੁੜੀ ਠੇਠ ਮਲਵਈ ਬੋਲੀ ’ਚ, ਖੂਬਸੁਰਤ ਲੋਕੇਸ਼ਨਾਂ ਤੇ ਫ਼ਿਲਮਾਈ ਯਾਦਗਰ ਫ਼ਿਲਮ ਹੈ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨ ਦੇ ਨਾਲ ਨਾਲ ਅਲੋਪ ਹੁੰਦੇ ਜਾ ਰਹੇ ਰਿਸ਼ਤਿਆਂ ਦੀ ਪਛਾਣ ਵੀ ਕਰਵਾਏਗੀ। ਪਰਿਵਾਰਕ ਰਿਸ਼ਤਿਆਂ ਅਧਾਰਤ ਇਹ ਫ਼ਿਲਮ ਸਾਡੇ ਸਮਾਜ ਦਾ ਹਿੱਸਾ ਹੈ। ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ ਦੇ ਬੈਨਰ ਦੀ ਇਸ ਫ਼ਿਲਮ ਵਿੱਚ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ,ਨਿਰਮਲ ਰਿਸ਼ੀ,ਕਾਕਾ ਕੋਤਕੀ, ਸੁਖਵਿੰਦਰ ਚਹਿਲ, ਮੋਹਨੀ ਤੂਰ ਤੇ ਰਵਿੰਦਰ ਮੰਡ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਦਿੱਤਾ ਹੈ। 13 ਮਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟਰੇਲਰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਐਮੀ ਵਿਰਕ ਦੀਆਂ ਕਈ ਹੋਰ ਫ਼ਿਲਮਾਂ ਵੀ ਰਿਲੀਜ਼ ਹੋਣਗੀਆਂ।

ਹਰਜਿੰਦਰ ਸਿੰਘ ਜਵੰਦਾ