ArticlesMovie News

ਫ਼ਿਲਮ 'ਸਾਕ' ਰਾਹੀਂ ਮਿਲਿਆ ਪੰਜਾਬੀ ਪਰਦੇ ਨੂੰ ਨਵਾਂ ਨਾਇਕ 'ਜੋਬਨਪ੍ਰੀਤ', ਅੱਜ ਹੋਵੇਗੀ ਫ਼ਿਲਮ ਰਿਲੀਜ਼

ਪਾਲੀਵੁੱਡ ਪੋਸਟ- ਬਤੌਰ ਨਾਇਕ ‘ਸਾਕ’ ਫ਼ਿਲਮ ਵਿੱਚ ਫੌਜੀ ਕਰਮ ਸਿੰਘ ਦੀ ਅਹਿਮ ਭੂਮਿਕਾ ਨਿਭਾਉਣ ਵਾਲਾ ‘ਜੋਬਨਪ੍ਰੀਤ’ ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਇਆ ਇੱਕ ਸਫ਼ਲ ਅਦਾਕਾਰ ਹੈ ਜਿਸਨੇ ‘ਰੁਪਿੰਦਰ ਗਾਧੀ-2, ‘ਬਲੈਕਪ੍ਰਿੰਸ’ ਅਤੇ ‘ਕੰਡੇ’ ਵਰਗੀਆਂ ਨਾਮਵਰ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ। ਅੱਜ ੬ ਸਤੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸਾਕ’ ਵਿੱਚ ਜੋਬਨਪ੍ਰੀਤ ਪੰਜਾਬੀ ਸਿਨਮੇ ਦੀ ਸਥਾਪਤ ਅਦਾਕਾਰਾ ਮੈਂਡੀ ਤੱਖਰ ਨਾਲ ਬਤੌਰ ਨਾਇਕ ਪਰਦੇ ‘ਤੇ ਆ ਰਿਹਾ ਹੈ। ਆਪਣੇ ਕਿਰਦਾਰ ਬਾਰੇ ਦੱਸਦਿਆਂ ਜੋਬਨਪ੍ਰੀਤ ਨੇ ਕਿਹਾ ਕਿ ਇਹ ਫ਼ਿਲਮ ਇੱਕ ਫੌਜੀ ਦੀ ਪਿਆਰ ਭਰੀ ਕਹਾਣੀ ਹੈ ਜੋ ਬਹੁਤ ਰੋਹਬ ਵਾਲਾ ਅਤੇ ਆਪਣੇ ਅਸੂਲਾਂ ਦਾ ਪੱਕਾ ਬੰਦਾ ਹੈ ਪਰ ਜਦ ਉਸਨੂੰ ਪਿਆਰ ਹੋ ਜਾਂਦਾ ਹੈ ਤਾਂ ਫ਼ਿਲਮ ਦੀ ਕਹਾਣੀ ਵੱਖ ਵੱਖ ਮੋੜਾਂ ਤੋਂ ਲੰਘਦੀ ਹੋਈ ਫੌਜੀ ਜੀਵਨ ਅਤੇ ਸਮਾਜਿਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਭਾਵੁਕਤਾ ਦੇ ਨਾਲ-ਨਾਲ ਸੰਗੀਤ ਅਤੇ ਕਾਮੇਡੀ ਮਾਹੌਲ ਦੇ ਰੰਗਾਂ ਦੀ ਮਨੋਰੰਜਨ ਭਰਪੂਰ ਪੇਸ਼ਕਾਰੀ ਕਰੇਗੀ। ਇਹ ਫਿਲਮ ਆਮ ਫ਼ਿਲਮਾਂ ਤੋਂ ਹਟਕੇ ਇੱਕ ਇਹ ਪੀਰਿਅਡ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਅੱਜ ਤੋਂ ਵੀਹ ਸਾਲ ਪਹਿਲਾਂ ਦੇ ਕਲਚਰ ਅਤੇ ਮਾਹੌਲ ਨਾਲ ਜੋੜੇਗੀ।
ਮਿਨਹਾਸ ਫਿਲਮਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਜਤਿੰਦਰ ਜੇ ਮਿਨਹਾਸ ਤੇ ਰੁਪਿੰਦਰ ਪ੍ਰੀਤ ਮਿਨਹਾਸ ਦੀ ਇਸ ਫਿਲਮ ਦਾ ਲੇਖਕ ਅਤੇ ਨਿਰਦੇਸਕ ਕੰਵਲਜੀਤ ਸਿੰਘ ਹੈ। ਫਿਲਮ ਵਿੱਚ ਜੋਬਨਪ੍ਰੀਤ, ਮੈਂਡੀ ਤੱਖਰ,ਮੁਕਲ ਦੇਵ, ਮਹਾਂਬੀਰ ਭੁੱਲਰ, ਸੋਨਪ੍ਰੀਤ ਜਵੰਧਾ,ਸਿਮਰਨ ਸਹਿਜਪਾਲ, ਗੁਰਦੀਪ ਬਰਾੜ, ਸੁਖਬੀਰ ਬਾਠ, ਪ੍ਰਭਸ਼ਰਨ ਕੌਰ ਅਤੇ ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਕੈਲਾਸ਼ ਖੇਰ, ਮੰਨਤ ਨੂਰ, ਬੀਤ ਬਲਜੀਤ, ਹਰਸ਼ਦੀਪ ਕੌਰ, ਕਰਤਾਰ ਕਮਲ ਨੇ ਗਾਏ ਹਨ ਜਿਸਨੂੰ ਬੀਤ ਬਲਜੀਤ ਅਤੇ ਕਰਤਾਰ ਕਮਲ ਨੇ ਲਿਖਿਆ ਹੈ।
ਜ਼ਿਲ੍ਹਾ ਲੁਧਿਆਣਾ ਦੇ ਸ਼੍ਰੀ ਰਾੜਾ ਸਾਹਿਬ ਨੇੜਲੇ ਪਿੰਡ ਕੂਹਲੀ ਕਲਾਂ ਦਾ ਜੰਮਪਲ ਜੋਬਨਪ੍ਰੀਤ ਨੂੰ ਸਕੂਲ ਕਾਲਜ ਦੇ ਸਮਿਆਂ ਤੋਂ ਹੀ ਅਦਾਕਾਰੀ ਦਾ ਸ਼ੌਂਕ ਪਿਆ ਜੋ ਉਸਨੂੰ ਰੰਗਮੰਚ ਤੋਂ ਬਾਅਦ ਫ਼ਿਲਮਾਂ ਤੱਕ ਲੈ ਆਇਆ। ਜੋਬਨਪ੍ਰੀਤ ਇੱਕ ਅਦਾਕਾਰ ਦੇ ਇਲਾਵਾ ਪੰਜਾਬ ਪੁਲਸ ਦਾ ਮੁਲਾਜਮ ਵੀ ਹੈ। ਆਪਣੀ ਡਿਊਟੀ ਦੇ ਨਾਲ ਨਾਲ ਕਲਾ ਦੇ ਖੇਤਰ ਵਿੱਚ ਸਰਗਰਮ ਰਹਿਣਾ ਉਸਦੀ ਰੁਝੇਵਿਆਂ ਭਰੀ ਜ਼ਿੰਦਗੀ ਦਾ ਹਿੱਸਾ ਹੈ। ਆਉਣ ਵਾਲੇ ਸਮਿਆਂ ‘ਚ ਉਸ ਕੋਲ ਹੋਰ ਵੀ ਕਈ ਚੰਗੀਆਂ ਫਿਲਮਾਂ ਹਨ। ਆਪਣੀ ਇਸ ਫ਼ਿਲਮ ‘ਸਾਕ’ ਤੋਂ ਜੋਬਨਪ੍ਰੀਤ ਨੂੰ ਬਹੁਤ ਉਮੀਦਾਂ ਹਨ।

Leave a Reply