Movie News

ਫ਼ਿਲਮ ‘ਭੱਜੋ ਵੀਰੋ ਵੇ’ ਦੇ ਛੜਿਆਂ ਨੇ ਸਿਨੇਮਾਘਰਾਂ ‘ਚ ਲਾਈਆਂ ਖੂਬ ਰੌਣਕਾਂ

ਪਾਲੀਵੁੱਡ ਪੋਸਟ–  ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਅਤੇ ‘ਹੇਅਰ ਓਮ ਜੀ ਸਟੂਡਿਓਜ਼’ ਦੇ ਸਾਂਝੇ ਬੈਨਰ ਦੀ ਲੰਘੇ ਸ਼ਨੀਵਾਰ ਰਿਲੀਜ਼ ਹੋਈ ਲੇਖਕ-ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਅਤੇ ਹੀਰੋਇਨ ਸਿੰਮੀ ਚਾਹਲ ਸਟਾਰਰ ਪੰਜਾਬੀ ਫ਼ਿਲਮ ‘ਭੱਜੋ ਵੀਰੋ ਵੇ’  ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।ਨਿਰਮਾਤਾ ਕਾਰਜ ਗਿੱਲ ਅਤੇ ਤਲਵਿੰਦਰ ਹੇਅਰ ਵੱਲੋਂ ਪ੍ਰੋਡਿਊਸ ਇਸ ਫ਼ਿਲਮ ਦੀ ਖੂਬਸੂਰਤ ਕਹਾਣੀ 1960  ਦੇ ਸਮੇਂ ਦੀ ਹੈ ਜੋ ਵਿਆਹ ਬਾਰੇ ਨਹੀਂ ਬਲਕਿ ਉਨ੍ਹਾਂ ਬਾਰੇ ਹੈ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ, ਮਤਲਬ ਛੜਿਆਂ ਦੀ ਜਿੰਦਗੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਪਰਦੇ ਤੇ ਪੇਸ਼ ਕੀਤਾ ਗਿਆ ਹੈ।

ਫ਼ਿਲਮ ਦੀ ਕਹਾਣੀ ਅਨੁਸਾਰ ਨਾਇਕ ਅੰਬਰਦੀਪ ਦਾ ਰਿਸ਼ਤਾ ਸਿੰਮੀ ਚਾਹਲ ਨਾਲ ਹੋਣ ਲੱਗਦਾ ਹੈ, ਪਰ ਉਸਦੇ ਅਨਾਥ ਹੋਣ ਕਰਕੇ ਇਹ ਰਿਸ਼ਤਾ ਰੁਕ ਜਾਂਦਾ ਹੈ ਜਿਸ ਲਈ ਆਪਣੇ ਨਾਨਕਿਆਂ ਦੀ ਭਾਲ ਵਿਚ ਨਿਕਲਿਆ ਅੰਬਰਦੀਪ ਨਵੀਆਂ ਹੀ ਘੁੰਮਣ-ਘੇਰੀਆਂ ਵਿਚ ਫਸ ਜਾਂਦਾ ਹੈ ਅਤੇ ਫ਼ਿਲਮ ਦੀ ਕਹਾਣੀ ਅਨੇਕਾਂ ਮੋੜ ਲੈਂਦੀ ਹੋਈ ਦਰਸ਼ਕਾਂ ਨਾਲ ਇੱਕ ਖਿੱਚ ਬਣਾਈ ਰੱਖਦੀ ਹੈ।ਫ਼ਿਲਮ ਵਿਚ ਛੜਿਆਂ ਦੀ ਜ਼ਿੰਦਗੀ ‘ਚ ਔਰਤ ਦੀ ਕੀ ਅਹਿਮੀਅਤ ਹੁੰਦੀ ਸੀ, ਇਹੋ ਫ਼ਿਲਮ ਦਾ ਮੁੱਖ ਵਿਸ਼ਾ ਹੈ ਜਿਸਨੂੰ ਕਾਮੇਡੀ ਦਾ ਤੜਕਾ ਲਗਾ ਕੇ ਮਨੋਰੰਜਨ ਭਰਪੂਰ ਬਣਾਇਆ ਗਿਆ ਹੈ। ਹੀਰੋ ਦੀ ਭੂਮਿਕਾ ‘ਚ ਅੰਬਰਦੀਪ ਸਿੰਘ, ਅਦਾਕਾਰਾ ਸਿੰਮੀ ਚਾਹਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਯਾਦ ਗਰੇਵਾਲ, ਹਰਦੀਪ ਗਿੱਲ, ਬਲਵਿੰਦਰ ਬੁਲੇਟ ਅਤੇ ਸੁਖਵਿੰਦਰ ਰਾਜ ਆਦਿ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ।ਫ਼ਿਲਮ ਦੇ ਡਾਇਲਾਗ ਸ਼ਾਨਦਾਰ ਹਨ ਅਤੇ ਦਰਸ਼ਕਾਂ ਵੱਲੋਂ ਫ਼ਿਲਮ ਦੇ ਗੀਤ-ਸੰਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Leave a Reply