FeaturedMovie News

ਫ਼ਿਲਮ 'ਤਾਰਾ ਮੀਰਾ' ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ 'ਤੇ ਹੋਵੇਗੀ ਬੇਹੱਦ ਹੀ ਦਿਲਚਸਪ

ਪਾਲੀਵੁੱਡ ਪੋਸਟ- ਮਸ਼ਹੂਰ ਗਾਇਕ ਤੇ ਨਾਇਕ ਰਣਜੀਤ ਬਾਵਾ ਇਨੀਂ ਦਿਨੀਂ ਆਪਣੀ 11 ਅਕੂਤਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਤਾਰਾ ਮੀਰਾ’ ਨਾਲ ਕਾਫੀ ਚਰਚਾ ‘ਚ ਨਜ਼ਰ ਆ ਰਹੇ ਹਨ।ਦੱਸਣਯੋਗ ਹੈ ਕਿ ਸਟਾਰ ਗਾਇਕ ਗੁਰੂ ਰੰਧਾਵਾ ਪਹਿਲੀ ਵਾਰ ਬਤੌਰ ਪ੍ਰੋਡਿਊਸਰ ਕਿਸੇ ਫਿਲਮ ਨਾਲ ਜੁੜੇ ਹਨ ਅਤੇ ਉਨਾਂ ਨੇ ਸਾਥੀ ਨਿਰਮਾਤਾ ਗੁਰਪ੍ਰਤਾਪ ਸਿੰਘ ਛੀਨਾ, ਜਗਰੂਪ ਬੂਟਰ ਅਤੇ ਸ਼ਿਲਪਾ ਸ਼ਰਮਾ ਨਾਲ ਮਿਲ ਕੇ ਫ਼ਿਲਮ ‘ਤਾਰਾ ਮੀਰਾ’ ਨੂੰ ਪ੍ਰੋਡਿਊਸ ਕੀਤਾ ਹੈ।ਇਸ ਫਿਲਮ ਦੇ ਨਿਰਦੇਸ਼ਕ ਰਾਜੀਵ ਢੀਂਗਰਾ ਹਨ, ਜਿਹਨਾਂ ਨੇ ਅਮਰਿੰਦਰ ਗਿੱਲ ਦੀ ‘ਲਵ ਪੰਜਾਬ’ ਅਤੇ ਕਪਿਲ ਸ਼ਰਮਾ ਦੀ ‘ਫਾਰੰਗੀ’ ਨੂੰ ਡਾਇਰੈਕਟ ਕੀਤਾ ਸੀ।ਫਿਲਮ ਦੇ ਲੇਖਕ ਵੀ ਰਾਜੀਵ ਢੀਂਗਰਾ ਹੀ ਹਨ ਅਤੇ ਉਨਾਂ ਦੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਿਲਕੁਲ ਵੱਖਰੇ ਵਿਸ਼ੇ ਦੀ ਇੱਕ ਦਿਲਚਸਪ ਕਹਾਣੀ ‘ਤੇ ਅਧਾਰਤ ਹੈ।ਫਿਲਮ ਦੇ ਟ੍ਰੇਲਰ ਅਨੁਸਾਰ ਫਿਲਮ ਦੀ ਸਟਾਰਰ ਜੋੜੀ ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਕਹਾਣੀ ‘ਚ ਟਵਿੱਸਟ ਉਸ ਵੇਲੇ ਆਉਂਦਾ ਹੈ ਜਦੋਂ ਰਣਜੀਤ ਬਾਵਾ ਨੂੰ ਇਹ ਪਤਾ ਲਗਦਾ ਹੈ ਕਿ ਨਾਜ਼ੀਆ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਨਹੀਂ ਰੱਖਦੀ ਬਲਕਿ ਪੰਜਾਬ ‘ਚ ਵਸਦੇ ਪਰਵਾਸੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ।ਰਣਜੀਤ ਬਾਵਾ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਯੋਗਰਾਜ ਸਿੰਘ ਇੰਟਰਕਾਸਟ ਵਿਆਹ ਦੇ ਖ਼ਿਲਾਫ਼ ਹੁੰਦੇ ਹਨ। ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਦਾ ਵਿਆਹ ਹੁੰਦਾ ਹੈ ਕਿ ਨਹੀਂ ਇਸ ‘ਤੇ ਹੀ ਕਹਾਣੀ ਕੇਂਦਰਿਤ ਹੈ।ਇਸ ਤਰਾਂ ਇਹ ਫਿਲਮ ਨਸਲੀ ਭੇਦ ਭਾਵ ‘ਤੇ ਅਧਾਰਿਤ ਹੈ ਜੋ ਇਕ ਸਾਰਥਿਕ ਮੁੱਦੇ ਦੀ ਗੱਲ ਕਰਦੀ ਹੋਈ ਦਰਸ਼ਕਾਂ ਦਾ ਮਨੋਰੰਜਨ ਕਰੇਗੀ।ਇਹ ਫਿਲ਼ਮ ਪੰਜਾਬ ‘ਚ ਵੱਸਦੇ ਪ੍ਰਵਾਸੀ ਮਜ਼ਦੂਰਾਂ ਅਤੇ ਪੰਜਾਬੀਆਂ ‘ਤੇ ਬਣਾਈ ਗਈ ਹੈ ਅਤੇ ਰੋਮਾਂਸ ਤੇ ਕਮੇਡੀ ਨਾਲ ਭਰਪੂਰ ਇਹ ਫਿਲਮ ਹਰ ਵਰਗ ਦੀ ਪਸੰਦ ਬਣੇਗੀ। ਇਸ ਫਿਲਮ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਨੀਤਾ ਦੇਵਗਨ, ਜੁਗਰਾਜ ਸਿੰਘ, ਰਾਜੀਵ ਠਾਕੁਰ,ਸਵਿੰਦਰ ਮਾਹਲ ਅਤੇ ਅਸ਼ੋਕ ਪਾਠਕ ਵਰਗੇ ਕਈ ਚਿਹਰੇ ਆਪਣੀ ਅਦਾਕਾਰੀ ਦਾ ਰੰਗ ਦਿਖਾਉਂਦੇ ਨਜ਼ਰ ਆਉਣਗੇ।ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਤੇ ਕਹਾਣੀ ਮੁਤਾਬਕ ਹੈ ਅਤੇ ਫ਼ਿਲਮ ਵਿਚ ਗਾਇਕ ਗੁਰੂ ਰੰਧਾਵਾ, ਰਣਜੀਤ ਬਾਵਾ ਅਤੇ ਮੰਨਤ ਨੂਰ ਵਲੋਂ ਗਾਏ 5 ਗੀਤਾਂ ਨੂੰ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਗੁਰਮੀਤ ਸਿੰਘ ਨੇ ਸ਼ਿੰਗਾਰਿਆ ਹੈ ਅਤੇ ਇਨਾਂ ਗੀਤਾਂ ਨੂੰ ਗੀਤਕਾਰ ਬੰਨੀ ਜੋਹਲ ਨੇ ਕਲਮਬੱਧ ਕੀਤਾ ਹੈ।