Movie News

ਫ਼ਿਲਮ 'ਇੱਕੋ -ਮਿੱਕੇ' ਨਾਲ ਪੰਜਾਬੀ ਸਿਨੇਮੇ ਵੱਲ ਆਇਆ 'ਸਤਿੰਦਰ ਸਰਤਾਜ'

ਸੂਫ਼ੀਅਤ ਰੰਗ ਵਾਲੀ ਗਾਇਕੀ ਦੇ ਸਿਰਮੌਰ ਗਾਇਕ ਡਾ ਸਤਿੰਦਰ ਸਰਤਾਜ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਚੰਗੀ ਸ਼ਾਇਰੀਨੁਮਾ ਸੰਗੀਤ ਨਾਲ ਜੁੜੇ ਸੂਝਵਾਨ ਸਰੋਤਿਆਂ ਦਾ ਚਹੇਤਾ ਗਾਇਕ ਹੈ। ਉਸਨੇ ਆਪਣੀ ਵਿੱਲਖਣ ਸ਼ਾਇਰੀ ਵਾਲੀ ਗਾਇਕੀ ਨਾਲ ਪੰਜਾਬੀ ਸੰਗੀਤ ਵਿੱਚ ਸੂਫ਼ੀਅਤ ਗਾਇਕੀ ਦਾ ਨਿਵੇਕਲਾ ਰੰਗ ਪੇਸ਼ ਕੀਤਾ। ਸਤਿੰਦਰ ਸਰਤਾਜ ਦੀ ਗਾਇਕੀ ਵਾਂਗ ਉਸਦੀ ਆਪਣੀ ਵੀ ਵੱਖਰੀ ਦਿੱਖ ਹੈ ਜੋ ਦਰਸ਼ਕਾਂ ਨੂੰ ਪ੍ਰਭਾਵਤ ਕਰਦੀ ਹੈ। ਉਸਦੇ ਵੀਡਿਓ ਦੀ ਗੱਲ ਕਰੀਏ ਤਾਂ ਗੀਤਾਂ ਦੇ ਸੁਭਾਓ ਵਾਂਗ ਵੀਡਿਓ ਫਿਲਮਾਂਕਣ ਵੀ ਵੱਖਰੇ ਹੀ ਅੰਦਾਜ਼ ਦੇ ਹੁੰਦੇ ਹਨ। ਜ਼ਿੰਦਗੀ ਦੀਆਂ ਸੱਚਾਈ ਤੇ ਰੱਬ ਦੇ ਰੰਗਾਂ ਦੀ ਉਸਤਦ ਕਰਦੀ ਉਸਦੀ ਗਾਇਕੀ ਵਾਰ ਵਾਰ ਸੁਣਨ ਦੇ ਕਾਬਲ ਹੁੰਦੀ ਹੈ। ਗਾਇਕੀ ਵਾਂਗ ਫਿਲਮਾਂ ਵਿੱਚ ਵੀ ਉਸਦੀ ਸਮੂਲੀਅਤ ਇੱਕ ਵੱਖਰੇ ਅੰਦਾਜ਼ ਵਾਲੀ ਹੈ। ਇਹ ਪਹਿਲਾ ਗਾਇਕ ਹੈ ਜਿਸਨੇ ਪਾਲੀਵੁੱਡ ਜਾ ਬਾਲੀਵੁੱਡ ਨਹੀਂ ਬਲਕਿ ਹਾਲੀਵੁੱਡ ਫਿਲਮ ਇੰਡਸਟਰੀ ਤੋਂ ‘ ਦਾ ਬਲੈਕ ਪ੍ਰਿੰਸ’ ਨਾਂ ਦੀ ਫਿਲਮ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸੁਰੂਆਤ ਕੀਤੀ। ਇਹ ਫਿਲਮ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਤ ਸੀ ਜਿਸਨੂੰ ਨਿਰਦੇਸ਼ਕ ਕਵੀ ਰਾਜ ਨੇ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਅਤੇ ਪੰਜਾਬੀ ਜੁਬਾਨ ਵਿਚ ਵੀ ਡੱਬ ਕੀਤਾ। ਦਰਸ਼ਕਾਂ ਨੇ ਇਸ ਫਿਲਮ ਰਾਹੀਂ ਸਤਿੰਦਰ ਸਰਤਾਜ ਦੇ ਇੱਕ ਨਵੇਂ ਰੂਪ ਨੂੰ ਫਿਲਮੀ ਪਰਦੇ ‘ਤੇ ਵੇਖਿਆ।ਜ਼ਿਕਰਯੋਗ ਹੈ ਕਿ ਸਰਤਾਜ ਹੁਣ ਆਪਣੇ ਗੀਤਾਂ ਵਰਗੀ ਇੱਕ ਬਹੁਤ ਹੀ ਖੂਬਸੁਰਤ ਫ਼ਿਲਮ ‘ਇੱਕੋ ਮਿੱਕੇ’ ਵਿੱਚ ਬਤੌਰ ਨਾਇਕ ਪੰਜਾਬੀ ਪਰਦੇ ‘ਤੇ ਨਜ਼ਰ ਆਵੇਗਾ। ਇਸ ਫ਼ਿਲਮ ਦੇ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਟਰੇਲਰ ਅਤੇ ਟਾਇਟਲ ਅਰੈਕ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਇਸ ਫ਼ਿਲਮ ਦੇ ਟਰੇਲਰ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਗਾਇਕੀ ਤੋਂ ਬਾਅਦ ਇਸ ਫ਼ਿਲਮ ਰਾਹੀਂ ਸਤਿੰਦਰ ਸਰਤਾਜ ਦੀ ਅਦਾਕਾਰੀ ਦਾ ਰੰਗ ਵੀ ਸਾਹਮਣੇ ਆਇਆ ਹੈ। ਲੇਖਕ ਨਿਰਦੇਸ਼ਕ ਪੰਕਜ ਵਰਮਾ ਦੀ ਇਹ ਫ਼ਿਲਮ ਪਿਆਰ ਮੁਹੱਬਤਾਂ ਦੇ ਰੰਗੀ, ਸਮਾਜਿਕ ਦਾਇਰੇ ਦੀ ਪਰਿਵਾਰਕ ਕਹਾਣੀ ਅਧਾਰਤ ਹੈ ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਜਿੰਦਗੀ ਦੇ ਕਈ ਤਜੱਰਬੇ ਸਾਂਝੇ ਕਰੇਗੀ। ਇਸ ਫ਼ਿਲਮ ‘ਚ ਉਸਨੇ ਫਾਈਨ ਆਰਟ ਦੇ ਇੱਕ ਵਿਦਿਆਰਥੀ ‘ਨਿਹਾਲ’ ਦਾ ਕਿਰਦਾਰ ਨਿਭਾਇਆ ਹੈ ਜੋ ਬੁੱਤ ਤਰਾਸ਼ੀ ਦਾ ਸ਼ੌਂਕ ਰੱਖਦਾ ਹੈ। ਆਪਣੇ ਪ੍ਰਾਜੈਕਟ ਲਈ ਉਸਨੂੰ ਇੱਕ ਖੂਬਸੁਰਤ ਚਿਹਰੇ ਦੀ ਤਲਾਸ਼ ਹੈ ਜੋ ਉਸਨੂੰ ‘ ਡਿੰਪਲ’ (ਅਦਿੱਤੀ ਸ਼ਰਮਾ) ਦੇ ਚਿਹਰੇ ਤੋਂ ਲੱਭਦੀ ਹੈ। ਖੂਬਸੁਰਤੀ ਤਰਾਸ਼ਦਾ-ਤਰਾਸ਼ਦਾ ਉਹ ਦਿਲਾਂ ਦੀ ਸਾਂਝ ਪਾ ਲੈਂਦੇ ਹਨ। ਪਿਆਰ-ਵਿਆਹ ਤੋਂ ਬਾਅਦ ਜ਼ਿੰਦਗੀ ਦੇ ਅਨੇਕਾਂ ਰੰਗ ਪੇਸ਼ ਕਰਦੀ ਇਹ ਫ਼ਿਲਮ ਮਨੋਰੰਜਨ ਦੇ ਇਲਾਵਾ ਸਮਾਜਿਕ ਹਾਲਾਤਾਂ ਨਾਲ ਜੂਝਦੇ ਮਨੁੱਖ ਦੀ ਤਸਵੀਰ ਵੀ ਬਾਖੂਬੀ ਪੇਸ਼ ਕਰੇਗੀ। ਗ਼ਲਤ ਫਹਿਮੀਆਂ ਨਾਲ ਰਿਸ਼ਤਿਆਂ ‘ਚ ਪਈਆਂ ਤਰੇੜਾਂ ਦੇ ਇਲਾਵਾ ਰੂਹਾਂ ਦੇ ਬਦਲ ਦੀ ਨਵੀਂ ਕਹਾਣੀ ਪੇਸ਼ ਕਰਦੀ ਇਹ ਫ਼ਿਲਮ ਕਾਮੇਡੀ ਦਾ ਮਾਹੌਲ ਵੀ ਸਿਰਜਦੀ ਹੈ।
ਫਿਰਦੋਜ਼ ਪ੍ਰੋਡਕਸ਼ਨ,ਸਰਤਾਜ ਫ਼ਿਲਮਜ਼, ਸੈਵਨ ਕਲਰ ਮੋਸ਼ਨ ਪਿਕਚਰਜ਼ ਤੇ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਸਤਿੰਦਰ ਸਰਤਾਜ ਨਾਲ ਅੰਗਰੇਜ’ ਫ਼ਿਲਮ ਵਾਲੀ ਅਦਿੱਤੀ ਸ਼ਰਮਾ ਬਤੌਰ ਨਾਇਕਾ ਨਜ਼ਰ ਆਵੇਗੀ। ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਪੰਕਜ ਵਰਮਾ ਹੈ। ਫ਼ਿਲਮ ਵਿੱਚ ਸਤਿੰਦਰ ਸਰਤਾਜ, ਅਦਿੱਤੀ ਸ਼ਰਮਾ, ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸਿਵਾਨੀ ਸੈਣੀ, ਵੰਦਨਾ ਸ਼ਰਮਾ, ਬਲਵਿੰਦਰ ਬੇਗੋ,ਵਿਜੇ ਕੁਮਾਰ, ਨਵਦੀਪ ਕਲੇਰ, ਰਾਜ ਧਾਲੀਵਾਲ, ਉਮੰਗ ਸ਼ਰਮਾ , ਨੂਰ ਚਹਿਲ ਤੇ ਮਨਿੰਦਰ ਵੈਲੀ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ‘ਸਾਗਾ ਮਿਊਜ਼ਿਕ’ ਵਲੋਂ ਰਿਲੀਜ਼ ਕੀਤਾ ਗਿਆ ਹੈ।