Movie News

ਫ਼ਿਲਮ 'ਇਕ ਸੰਧੂ ਹੁੰਦਾ ਸੀ' ਦੇ ਨਵੇਂ ਗੀਤ 'ਗਾਲਿਬ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਪਾਲੀਵੁੱਡ ਪੋਸਟ- ਆਪਣੇ ਧਮਾਕੇਦਾਰ ਟਰੇਲਰ ਕਾਰਨ ਚਰਚਾ ਦਾ ਵਿਸ਼ਾ ਬਣੀ ਪੰਜਾਬੀ ਫਿਲਮ ‘ਇਕ ਸੰਧੂ ਹੁੰਦਾ ਸੀ’ ਦਾ ਨਵਾਂ ਰੁਮਾਂਟਿਕ ਗੀਤ ‘ਗਾਲਿਬ’ ਗਾਇਕ ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਹਨ ਅਤੇ ਸੰਗੀਤ ਖੁਦ ਬੀ ਪਰਾਕ ਨੇ ਹੀ ਦਿੱਤਾ ਹੈ।ਦੱਸ ਦਈਏ ਕਿ ਫਿਲਮ ਦਾ ਪਹਿਲਾ ਗੀਤ ‘ਚਰਚੇ’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।
ਜੇਕਰ ਫਿਲਮ ‘ਇਕ ਸੰਧੂ ਹੁੰਦਾ ਸੀ’ ਦੀ ਗੱਲ ਕਰੀਏ ਤਾਂ ਇਸ ਫਿਲਮ ‘ਚ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਮੁੱਖ ਭੂਮਿਕਾ ‘ਚ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫਿਲਮ ਰੌਸ਼ਨ ਪ੍ਰਿੰਸ, ਬੱਬਲ ਰਾਏ, ਪਵਨ ਮਲਹੋਤਰਾ, ਧੀਰਜ ਕੁਮਾਰ, ਜਸਪ੍ਰੇਮ ਢਿੱਲੋਂ, ਰਘਵੀਰ ਬੋਲੀ ਤੇ ਅਨਮੋਲ ਕਵਾਤਰਾ ਆਦਿ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ।ਡਾਇਰੈਕਟਰ ਰਾਕੇਸ਼ ਮਹਿਤਾ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਦੋਸਤੀ, ਬਦਲਾ, ਐਕਸ਼ਨ ਅਤੇ ਰੋਮਾਂਸ ਦਾ ਪੂਰਾ ਪੈਕਜ ਹੈ ਜਿਸ ਵਿੱਚ ਦਰਸ਼ਕਾਂ ਨੂੰ ਯੂਨੀਵਰਸਿਟੀ ਦੀ ਜ਼ਿੰਦਗੀ, ਵਿਦਿਆਰਥੀ ਸਿਆਸਤ ਤੇ ਦੋਸਤੀ ਦੀ ਅਹਿਮੀਅਤ ਦੇਖਣ ਨੂੰ ਮਿਲੇਗੀ। ਇਹ ਫਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸ ਲਈ ਦੋਸਤੀ ਤੋਂ ਉੱਪਰ ਕੁਝ ਵੀ ਨਹੀਂ ਹੈ।ਨਿਰਮਾਤਾ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਇਸ ਫ਼ਿਲਮ ਦੇ ਐਕਸ਼ਨ ਡਾਇਰੈਕਟਰ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਹਨ ।28 ਫਰਵਰੀ ਨੂੰ ਵੱਡੇ ਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਓਮਜੀ ਗਰੁੱਪ ਮੁਨੀਸ਼ ਸਾਹਨੀ ਵੱਲੋਂ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ।