Movie News

‘ਹੈਪੀ ਫਿਰ ਭਾਗ ਜਾਏਗੀ’  ਨਾਲ ਜੱਸੀ ਗਿੱਲ ਵੱਲੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ

ਪਾਲੀਵੁੱਡ ਪੋਸਟ- ਪੰਜਾਬੀ ਗਾਇਕੀ ਤੋਂ ਬਾਅਦ ਪੰਜਾਬੀ ਸਿਨੇ ਪ੍ਰੇਮੀਆਂ ਦੇ ਚਹੇਤੇ ਨਾਇਕ ਜੱਸੀ ਗਿੱਲ ਨੇ ਹੁਣ ਬਾਲੀਵੁੱਡ ਫ਼ਿਲਮਾਂ ਵੱਲ ਕਦਮ ਵਧਾਇਆ ਹੈ। ਉਹ ਲੇਖਕ ਨਿਰਦੇਸ਼ਕ ਮੁਦੱਸਰ ਅਜ਼ੀਜ ਦੀ ਫ਼ਿਲਮ ‘ਹੈਪੀ ਫਿਰ ਭਾਗ ਜਾਏਗੀ’ ਨਾਲ ਚਰਚਾ ਵਿੱਚ ਹੈ। 24 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਜੱਸੀ ਗਿੱਲ ਬਾਲੀਵੁੱਡ ਸੁਪਰ ਸਟਾਰ ਸੋਨਾਕਸ਼ੀ ਸਿਨਹਾ, ਜਿੰਮੀ ਸ਼ੇਰਗਿੱਲ,ਡਾਇਨਾ ਪੇਂਟੀ ਪਿਯੂਸ਼ ਮਿਸ਼ਰਾ ਮੋਮਨ ਸ਼ੇਖ ਜਿਹੇ ਵੱਡੇ ਕਲਾਕਾਰਾਂ ਨਾਲ ਨਜ਼ਰ ਆਵੇਗਾ। ਇਹ ਫ਼ਿਲਮ ਪਿਛਲੇ ਸਾਲ ਆਈ ਫ਼ਿਲਮ ‘ਹੈਪੀ ਭਾਗ ਜਾਏਗੀ ‘ ਦਾ ਸੀਕੁਅਲ ਬਣੀ ਹੈ। ਸੋਨਾਕਸ਼ੀ ਨੇ ਇਸ ਫ਼ਿਲਮ ਹਰਪ੍ਰੀਤ ਕੌਰ ‘ਹੈਪੀ’ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜਦਕਿ ਇੱਕ ਵਿਆਹ ਸਮਾਗਮ ਸਮੇਂ ਭੱਜੀ ਲਾੜੀ ‘ਹੈਪੀ’ (ਡਾਇਨਾ ਪੇਂਟੀ) ਦੀ ਸਾਰੀ ਫ਼ਿਲਮ ਵਿੱਚ ਤਲਾਸ਼  ਹੁੰਦੀ ਰਹਿੰਦੀ ਹੈ। ਇਸ ਫ਼ਿਲਮ ਦੀ ਕਹਾਣੀ ਪੰਜਾਬੀ ਆਧਾਰ ਦੀ ਹੋਣ ਕਰਕੇ ਬਹੁਤੀ ਸੂਟਿੰਗ ਪੰਜਾਬ ਵਿੱਚ  ਹੋਈ ਹੈ। ਜੱਸੀ ਗਿੱਲ ਨੇ ਫ਼ਿਲਮ ਬਾਰੇ ਦੱਸਿਆ ਕਿ ਮੇਰਾ ਇਸ ਫ਼ਿਲਮ ਵਿੱਚ ਇੱਕ ਪੰਜਾਬੀ ਸਰਦਾਰ ਮੁੰਡੇ ਦਾ ਕਿਰਦਾਰ ਹੈ ਜੋ ਕਿ ਫ਼ਿਲਮ ਦੀ ਨਾਇਕਾ ਸੋਨਾਕਸੀ, ਜਿੰਮੀ ਸ਼ੇਰਗਿੱਲ  ਨਾਲ ਹੈ,ਜੋ ਕਿ ਫ਼ਿਲਮ ਦਾ ਅਹਿਮ ਹਿੱਸਾ ਹੈ। ਵੱਡੀ ਗੱਲ ਕਿ ਇਸ ਫ਼ਿਲਮ ਵਿੱਚ ਉਹ ਦਿਲਜੀਤ ਦੁਸਾਂਝ ਵਾਂਗ ਪੱਗੜੀ ਵਾਲੇ ਕਿਰਦਾਰ ‘ਚ ਹੈ। ਅਦਾਕਾਰੀ ਤੋਂ ਬਿਨਾਂ ਉਸਦਾ ਗਾਇਆ ਗੀਤ’ਚਿਣ-ਚਿਣ ਚੂੰ’ ਸੋਨਾਕਸ਼ੀ ਸਿਨਹਾ, ਜਿੰਮੀ ਸ਼ੇਰਗਿੱਲ, ਤੇ ਜੱਸੀ ਗਿੱਲ ‘ਤੇ ਹੀ ਫ਼ਿਲਮਾਇਆ ਗਿਆ ਹੈ। ਇਸ ਫ਼ਿਲਮ ਲਈ ਜਦੋਂ ਫ਼ਿਲਮ ਦੇ ਲੇਖਕ ਨਿਰਦੇਸ਼ਕ ਮੁਦੱਸਰ ਅਜ਼ੀਜ ਨੇ ਮੇਰੀ ਚੋਣ ਕੀਤੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਨ੍ਹਾਂ ਮੇਰੇ ਗੀਤਾਂ ਦੀ ਵੀਡਿਓਜ਼ ਵੇਖੀਆ ਸੀ ਜਿੰਨ੍ਹਾਂ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਮੇਰਾ ਕਿਰਦਾਰ ਤਰਾਸ਼ਿਆ ਤੇ ਮੈਨੂੰ ਮੌਕਾ ਦਿੱਤਾ।


ਪਹਿਲੀ ਵਾਰ ਬਾਲੀਵੁੱਡ ਟੀਮ ਨਾਲ ਕੰਮ ਕਰਰਨ ਬਾਰੇ ਜੱਸੀ ਗਿੱਲ ਨੇ ਦੱਸਿਆ ਕਿ ਗੀਤਾਂ ਦੇ ਵੀਡਿਓਜ਼ ਅਤੇ ਪੰਜਾਬੀ ਫ਼ਿਲਮਾਂ ਵਿੱਚ ਤਾਂ ਅਕਸਰ ਹੀ ਕੰਮ ਕਰਦੇ ਸੀ ਪਰ ਬਾਲੀਵੁੱਡ ਕਲਾਕਾਰਾਂ ਨਾਲ ਕੰਮ ਕਰਨ ਸਮੇਂ ਪਹਿਲਾਂ ਮੈਂ ਬਹਤ ਘਬਰਾਇਆ ਹੋਇਆ ਸੀ ਪਰ ਸਾਰਿਆਂ ਦਾ ਸਹਿਯੋਗ ਮਿਲਦਾ ਵੇਖ ਮੈਨੂੰ ਓਪਰਾਪਣ ਮਹਿਸੂਸ ਹੀ ਨਹੀਂ ਹੋਇਆ। ਪਤਾ ਹੀ ਨਾ ਲੱਗਿਆ ਕਿ ਕਦੋਂ ਮੇਰਾ ਕੰਮ ਹੋ ਗਿਆ।ਬਾਲੀਵੁੱਡ ਫ਼ਿਲਮ ‘ਹੈਪੀ ਫਿਰ ਭਾਗ ਜਾਏਗੀ’ ਪਹਿਲਾਂ ਰਿਲੀਜ਼ ਹੋਈ ਫ਼ਿਲਮ ਦਾ ਸੀਕੁਅਲ ਹੈ। ਪਹਿਲੀ ਫ਼ਿਲਮ ਵਿੱਚ ਹੈਪੀ ਭੱਜ ਕੇ ਗੁਆਂਢੀ ਮੁਲਕ ਪਾਕਿਸਤਾਨ ਚਲੀ ਜਾਂਦੀ ਹੈ ਜਦਕਿ ਇਸ ਫ਼ਿਲਮ ਵਿੱਚ ਹੈਪੀ ਭੁਲੇਖੇ ਨਾਲ ਚਾਇਨਾ ਚਲੀ ਜਾਂਦੀ ਹੈ ਜਿੱਥੇ ਉਸਦੀ ਭਾਲ ‘ਚ ਲੱਗੀ ਚਾਇਨਾ ਪੁਲਸ ਅਤੇ ਪ੍ਰਸ਼ਾਸਨ ਨਵੇਂ ਪੰਗਿਆਂ ਵਿੱਚ ਪੈ ਜਾਂਦੀ ਹੈ। ਪਹਿਲੀ ਫ਼ਿਲਮ ਵਾਂਗ ਇਹ ਫ਼ਿਲਮ  ਵੀ ਕਾਮੇਡੀ ਐਕਸ਼ਨ ਅਤੇ ਸੰਗੀਤਕ ਡਰਾਮਾ ਹੈ।

ਪੰਜਾਬ ਦੇ ਖੰਨਾ ਇਲਾਕੇ ਦੇ ਜਸਦੀਪ ਸਿੰਘ ਗਿੱਲ ਉਰਫ਼  ਜੱਸੀ ਗਿੱਲ 2011 ਵਿੱਚ ਗਾਇਕੀ ਖੇਤਰ ਵਿੱਚ ਆਏ। ਉਸਦੇ ਗਾਏ ਇੱਕ ਤੋਂ ਬਾਅਦ ਇੱਕ ਗੀਤ ਨੌਜਵਾਨ ਪੀੜ੍ਹੀ ਦੀ ਪਸੰਦ ਬਣਦੇ ਗਏ। ਗਾਇਕੀ ਵਿੱਚ ਪੈਰ ਜਮਾਉਣ ਉਪਰੰਤ ਜੱਸੀ ਗਿੱਲ 2014 ਵਿੱਚ ‘ਮਿਸਟਰ ਐਂਡ ਮਿਸ਼ਜ 420 ‘ ਨਾਲ ਪੰਜਾਬੀ ਸਿਨਮੇ ਵੱਲ ਆਇਆ ਤੇ ਪਹਿਲੀ ਹੀ ਫ਼ਿਲਮ ਨਾਲ ਜੱਸੀ ਗਿੱਲ ਸਿਨੇ-ਦਰਸ਼ਕਾਂ ਦੀ ਪਸੰਦ ਬਣ ਗਿਆ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਾ ਵੇਖਿਆ।  ਇਸ ਦੌਰਾਨ ਉਸਨੇ ਗੁਰਦਾਸ ਮਾਨ ਵਰਗੇ ਵੱਡੇ ਕਲਾਕਾਰ ਨਾਲ ‘ਦਿਲ ਵਿਲ ਪਿਆਰ ਵਿਆਰ’ ਫ਼ਿਲਮ ਵੀ ਕੀਤੀ। ਰੌਸ਼ਨ ਪ੍ਰਿੰਸ ਨਾਲ ‘ਮੁੰਡਿਆਂ ਤੋਂ ਬਚ ਕੇ ਰਹੀ’,ਦਿਲਦਾਰੀਆ, ਚੰਨੋ ਕਮਲੀ ਯਾਰ ਦੀ, ਸਰਘੀ ਆਦਿ ਫ਼ਿਲਮਾਂ ਕੀਤੀਆਂ। ਜ਼ਿਕਰਯੋਗ ਹੈ ਕਿ ਜੱਸੀ ਗਿੱਲ ਦੀ ਬੀਤੇ ਦਿਨ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ ਮਿਸਟਰ ਐਂਡ ਮਿਸ਼ਜ ੪੨੦ ਰਿਟਰਨ’ ਨੇ ਕਾਮੇਡੀ ਫ਼ਿਲਮਾਂ ਦ ਇਤਿਹਾਸ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ।  ਇਸ ਫ਼ਿਲਮ ਵਿੱਚ ਜੱਸੀ  ਵਲੋਂ ਨਿਭਾਈ ਵਣਜਾਰਨ ਮੁਟਿਆਰ ਰਾਧਾ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ‘ਮਿਸਟਰ-ਮਿਸ਼ਜ ੪੨੦ ਰਿਟਰਨਜ਼ ‘ ਵਿੱਚ ਉਸਦਾ ਕੰਮ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਹੈ। ‘ਹੁਣ ਫ਼ਿਲਮ ‘ਹੈਪੀ ਫਿਰ ਭਾਗ ਜਾਏਗੀ’ ਨਾਲ  ਜੱਸੀ ਗਿੱਲ ਨੇ ਬਾਲੀਵੁੱਡ ਫ਼ਿਲਮਾਂ ਦੀ ਪੋੜੀ ਨੂੰ ਹੱਥ ਪਾਇਆ ਹੈ। ਗਾਇਕੀ ਤੇ ਫ਼ਿਲਮਾਂ ਵਿੱਚ ਬਰਾਬਰ ਦਾ ਹੋ ਕੇ ਤੁਰਨ ਵਾਲਾ ਜੱਸੀ ਗਿੱਲ ਬਿਨਾਂ ਸ਼ੱਕ ਸਫਲਤਾਂ ਦੀਆਂ ਅਮਿੱਟ ਪੈੜ੍ਹਾਂ ਪਾ ਰਿਹਾ ਹੈ।

1 Comment

Leave a Reply