ArticlesMovie News

ਹੁਣ ਜਵਾਲਾ ਚੌਧਰੀ ਨੂੰ ਨਵੇਂ ਰੂਪ ਵਿੱਚ ਵੇਖਣਗੇ ਦਰਸ਼ਕ-ਆਸੀਸ ਦੁੱਗਲ

ਪਾਲੀਵੁੱਡ ਪੋਸਟ- ਪੰਜਾਬੀ ਫਿਲਮਾਂ ਵਿੱਚ ਨੇਗੈਟਿਵ ਕਿਰਦਾਰਾਂ ਨਾਲ ਆਪਣੀ ਵੱਖਰੀ ਪਹਿਚਾਣ ਸਥਾਪਤ ਕਰਨ ਵਾਲੇ ਆਸ਼ੀਸ਼ ਦੁੱਗਲ ਨੇ ਵੀ ਆਪਣੀ ਸੁਰੂਆਤ ਰੰਗਮੰਚ ਤੋਂ ਹੀ ਕੀਤੀ। ਜਿਸਦੇ ਹਿੱਸੇ ਬਹੁਤੇ ਕਿਰਦਾਰ ਵਿਲੇਨ ਵਾਲੇ ਹੀ ਆਏ। ਉਸਦਾ ਕਿਰਦਾਰ ਫਿਲਮ ਵਿੱਚ ਜਾਨ ਪਾਉਣ ਵਾਲਾ ਹੁੰਦਾ ਹੈ। ਆਸ਼ੀਸ਼ ਮਾਲਵੇ ਦੀ ਜ਼ਰਖੇਜ਼ ਮਿੱਟੀ ‘ਚ ਖੇਲ ਕੇ ਜਵਾਨ ਹੋਇਆ ਹੈ। ਉਸਦੇ ਆਲੇ-ਦੁਆਲੇ ਦੇ ਅਨੇਕਾਂ ਪਾਤਰ ਉਸਦੇ ਫਿਲਮੀ ਕਿਰਦਾਰ ‘ਚੋਂ ਝਲਕਦੇ ਹਨ। ਆਸੀਸ਼ ਦਾ ਚਿਹਰਾ ਮੋਹਰਾ, ਅੱਖਾਂ ਦੀ ਤੱਕਣੀ, ਪਹਿਰਾਵਾ, ਰੋਹਬਦਾਰ ਸਲੀਕਾ, ਡਾਇਲਾਗ ਡਲਿੱਵਰੀ ਉਸਦੇ ਕਲਾ ਵਿਅਕਤੀਤੱਵ ਨੂੰ ਹੋਰ ਵੀ ਨਿਖਾਂਰਦੀ ਹੈ। ਇਹੋ ਕਾਰਨ ਹੈ ਕਿ ਉਸਦੇ ਕਿਰਦਾਰਾਂ ਵਿੱਚ ਇੱਕ ਵੱਖਰੀ ਹੀ ਮਹਿਕ ਹੁੰਦੀ ਹੈ ਜੋ ਹਰੇਕ ਦਰਸ਼ਕ ਨੂੰ ਪ੍ਰਭਾਵਤ ਕਰਦੀ ਹੈ।
ਭਾਵੇਂਕਿ ਦੁੱਗਲ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸੁਰੂਆਤ ਮੁੰਬਈ ਤੋਂ ਕੀਤੀ ਪਰ ਪਿਛਲੇ ਕਈ ਸਾਲਾਂ ਤੋਂ ਆਸ਼ੀਸ ਦੁੱਗਲ ਪੰਜਾਬੀ ਸਿਨੇਮੇ ਲਈ ਲਗਾਤਾਰ ਸਰਗਰਮ ਹੈ। ਹਿੰਦੀ ਸਿਨੇਮੇ ਦੇ ਨਾਲ ਨਾਲ ਪੰਜਾਬੀ ਸਿਨੇਮੇ ਲਈ ਕੰਮ ਕਰਨਾ ਉਸਦਾ ਮਾਂ ਬੋਲੀ ਪ੍ਰਤੀ ਪਿਆਰ-ਸਤਿਕਾਰ ਦੀ ਗਵਾਹੀ ਭਰਦਾ ਹੈ। ਇਹ ਨਵਾਂ ਸਾਲ 2020 ਉਸ ਲਈ ਬਹੁਤ ਅਹਿਮੀਅਤ ਵਾਲਾ ਹੈ। ਇਸ ਸਾਲ ਉਸਦੀਆਂ ਵੱਡੇ ਬੈਨਰ ਦੀਆਂ ਅੱਧੀ ਦਰਜ਼ਨ ਤੋਂ ਵੱਧ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆ ਹਨ ਜੋ ਉਸਦੇ ਕੈਰੀਅਰ ਅਤੇ ਕਲਾ ਖੇਤਰ ਦਾ ਘੇਰਾ ਹੋਰ ਵੀ ਵਿਸ਼ਾਲ ਕਰਨਗੀਆਂ। ਇੰਨੀਂ ਦਿਨੀਂ ਆਸ਼ੀਸ ਦੁੱਗਲ ਚਰਚਿਤ ਫ਼ਿਲਮ ‘ ਜੋਰਾ ਦਾ ਸੈਕਿੰਡ ਚੈਪਟਰ’ ਨਾਲ ਮੁੜ ਚਰਚਾ ਵਿੱਚ ਹੈ। ‘ ਜੋਰਾ ਦਸ ਨੰਬਰੀਆਂ ਦੇ ਦਰਸ਼ਕਾਂ ਨੂੰ ਜਵਾਲਾ ਚੌਧਰੀ ਦਾ ਕਿਰਦਾਰ ਚੰਗੀ ਤਰਾਂ ਯਾਦ ਹੋਵੇਗਾ। ਚੋਧਰੀ ਜਵਾਲੇ ਦਾ ਕਿਰਦਾਰ ਮਾਲਵੇ ਇਲਾਕੇ ਦੀ ਉਪਜ ਹੈ ਇਹ ਜਾਤ ਦੇ ਤਾਂ ਬਾਣੀਏ ਹੁੰਦੇ ਹਨ ਪਰ ਜ਼ੇਰਾ ਤੇ ਆਦਤਾਂ ਜੱਟਾਂ ਵਰਗੀਆਂ ਹੁੰਦੀਆਂ ਹਨ । ਤੜਕੇ ਮੱਥੇ ‘ਤੇ ਤਿਲਕ ਲਾਉਂਦੇ ਹਨ ਤੇ ਆਥਣੇ ਗਲਾਸੀ ਖੜਕਾਉਂਦੇ ਹਨ। ਡੱਬ ‘ਚ ਭਾਵੇਂ ਹਥਿਆਰ ਰੱਖਦੇ ਹਨ ਪਰ ਦਿਮਾਗ ਬਾਣੀਆਂ ਵਾਲਾ ਤੇ ਸੋਚ ‘ਚ ਰਾਜਨੀਤੀ ਹੈ। ਅਜਿਹੇ ਲੋਕਾਂ ਨੂੰ ਮਾਲਵੇ ‘ਚ ‘ਜੱਟ ਬਾਣੀਏ’ ਕਿਹਾ ਜਾਂਦਾ ਹੈ। ਆਸੀਸ਼ ਦੁੱਗਲ ਅਜਿਹੇ ਲੋਕਾਂ ਦੇ ਇਲਾਕੇ ‘ਚ ਜੰਮਪਲ ਕੇ ਜਵਾਨ ਹੋਇਆ ਹੈ। ਬਰਨਾਲਾ ਸ਼ਹਿਰ ਤੋਂ ਉਸਦੀ ਕਲਾ ਨੇ ਖੰਭ ਖਿਲਾਰੇ ਤੇ ਅੱਜ ਅੰਬਰਾਂ ‘ਤੇ ਉਡਾਰੀਆਂ ਮਾਰ ਰਿਹਾ ਹੈ। ਹੁਣ ਜੋਰਾ ਦੇ ਅਗਲੇ ਭਾਗ ਵਿੱਚ ਦਰਸ਼ਕ ਜਵਾਲਾ ਚੋਧਰੀ ਦੇ ਨਵੇਂ ਰੂਪ ਨੂੰ ਪਰਦੇ ‘ਤੇ ਵੇਖਣਗੇ।
‘ਬਠਿੰਡੇ ਵਾਲੇ ਬਾਈ ਫ਼ਿਲਮਜ਼’, ਲਾਉਡ ਰੋਰ ਫ਼ਿਲਮ ਐਂਡ ‘ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮ ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸੋਨਪ੍ਰੀਤ ਜਵੰਧਾ,ਸਿੰਘਾਂ ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ ‘ਚ ਨਜਰ ਆਉਣਗੇ।

ਰਜਿੰਦਰ ਸਿੰਘ ਜਵੰਦਾ 94638 28000