Movie NewsMovie Reviews

ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਰਹੀ ਫ਼ਿਲਮ 'ਤਾਰਾ ਮੀਰਾ',

ਪਾਲੀਵੁੱਡ ਪੋਸਟ- ਬੀਤੇ ਕੱਲ 11 ਅਕਤੂਬਰ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਈ ਗਾਇਕ ਤੇ ਨਾਇਕ ਰਣਜੀਤ ਬਾਵਾ ਅਤੇ ਅਦਾਕਾਰਾ ਨਾਜ਼ੀਆ ਹੁਸੈਨ ਸਟਾਰਰ ਪੰਜਾਬੀ ਫ਼ਿਲਮ ‘ਤਾਰਾ ਮੀਰਾ’ ਆਪਣੇ ਵੱਖਰੇ ਵਿਸ਼ੇ ਕਰਕੇ ਕਾਫ਼ੀ ਚਰਚਾ ‘ਚ ਹੈ। ਦੱਸ ਦਈਏ ਕਿ ‘ਤਾਰਾ ਮੀਰਾ’ ਫਿਲਮ ਦਾ ਸਬੰਧ ਖੇਤਾਂ ਵਿੱਚ ਪੈਦਾ ਹੋਣ ਵਾਲੀ ‘ਤਾਰਾਮੀਰਾ’ ਫ਼ਸਲ ਨਾਲ ਨਹੀਂ ਬਲਕਿ ਇਹ ਤਾਂ ਫਿਲਮ ਦੀ ਨਾਇਕ (ਰਣਜੀਤ ਬਾਵਾ) ਅਤੇ ਨਾਇਕਾ (ਨਾਜ਼ੀਆ ਹੁਸੈਨ) ਦੇ ਨਾਂ ‘ਤੇ ਅਧਾਰਤ ਹੈ ਜੋ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ।ਇਸ ਫਿਲਮ ਦੀ ਕਹਾਣੀ ਮੌਜੂਦਾ ਸਿਨੇਮੇ ਤੋਂ ਬਹੁਤ ਹਟਕੇ ਇੱਕ ਨਿਵੇਕਲੇ ਵਿਸ਼ੇ ਅਧਾਰਤ ਹੈ ਜੋ ਸਮਾਜ ਵਿੱਚੋਂ ਨਸਲੀ ਭੇਦ-ਭਾਵ ਤੋਂ ਉਪੱਰ ਉੱਠ ਕੇ ਸੱਚੇ ਪਿਆਰਾਂ ਦੀ ਗਵਾਹੀ ਭਰਦੀ ਕਾਮੇਡੀ ਭਰਪੂਰ ਰੁਮਾਂਟਿਕ ਫ਼ਿਲਮ ਹੈ।ਤਾਰਾ ਪਿੰਡ ਦੇ ਸਰਦਾਰ ਯੋਗਰਾਜ ਸਿੰਘ ਦਾ ਮੁੰਡਾ ਹੈ ਤੇ ਉਹ ਆਪਣੀ ਮੀਰਾ ਨੂੰ ਵੀ ਜਿਮੀਦਾਰ ਸਰਦਾਰਾਂ ਦੀ ਕੁੜੀ ਸਮਝਦਾ ਹੈ ਜਦਕਿ ਉਹ ਪਰਵਾਸੀ ਭਈਆਂ ਦੇ ਪਰਿਵਾਰ ਦੀ ਕੁੜੀ ਹੈ ਜੋ ਵਿਦੇਸ ਗਏ ਸਰਦਾਰਾਂ ਦੀ ਕੋਠੀ ਵਿੱਚ ਰਹਿ ਰਹੇ ਹਨ। ਇਸੇ ਭਰਮ ਭੁਲੇਖੇ ਵਿੱਚ ਇਹ ਫਿਲਮ ਇੱਕ ਨਵੀਂ ਕਹਾਣੀ ਅਤੇ ਕਾਮੇਡੀ ਦਾ ਮਾਹੌਲ ਸਿਰਜਦੀ ਹੈ। ਦੂਜੇ ਪਾਸੇ ਤਾਰਾ ਦਾ ਪਿਤਾ ਪਰਵਾਸੀ ਭਈਆਂ ਨੂੰ ਬਹੁਤ ਨਫਰਤ ਕਰਦਾ ਹੈ ਅਤੇ ਉਹ ਆਪਣੇ ਪੁੱਤਰ ਦੇ ਇੰਟਰਕਾਸਟ ਵਿਆਹ ਦੇ ਵੀ ਸਖਤ ਖ਼ਿਲਾਫ਼ ਹੁੰਦੇ ਹੈ।ਰਣਜੀਤ ਬਾਵਾ ਨੇ ਪਹਿਲੀ ਵਾਰ ਆਪਣੀਆਂ ਪਹਿਲੀਆਂ ਫਿਲਮਾਂ ਤੋਂ ਬਹੁਤ ਹਟਕੇ ਕਿਰਦਾਰ ਨਿਭਾਇਆ ਹੈ। ਫ਼ਿਲਮ ਦਾ ਨਿਰਦੇਸ਼ਨ ਰਾਜੀਵ ਢੀਂਗਰਾ ਨੇ ਕੀਤਾ ਹੈ ਤੇ ਉਨਾਂ ਨੇ ਆਪਣੀ ਪੂਰੀ ਟੀਮ ਤੋਂ ਚੰਗਾ ਕੰਮ ਲਿਆ ਹੈ ਅਤੇ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਨੂੰ ਇੱਕ ਵੱਖਰੇ ਅਤੇ ਚੰਗੇ ਵਿਸ਼ੇ ਦੀ ਫ਼ਿਲਮ ਬਣਾ ਕੇ ਦਿੱਤੀ ਹੈ।ਫ਼ਿਲਮ ਵਿਚਲੇ ਹਾਸਿਆਂ ਨਾਲ ਭਰੇ ਪੰਚ ਹੀ ਫ਼ਿਲਮ ਦੀ ਗਤੀ ਨੂੰ ਲਗਾਤਾਰ ਵਧਾਉਂਦੇ ਹਨ। ਗੁਰੂ ਰੰਧਾਵਾ, ਅਸ਼ੋਕ ਯਾਦਵ, ਜੋਤੀ ਸੇਖੋਂ ਅਤੇ ਸ਼ਿਲਪਾ ਸ਼ਰਮਾ ਰਾਜੀਵ ਢੀਂਗਰਾਂ ਵਲੋਂ ਨਿਰਮਾਣ ਕੀਤੀ ਇਸ ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਰਾਜੀਵ ਨੇ ਹੀ ਲਿਖਿਆ ਹੈ ਤੇ ਡਾਇਲਾਗ ਧੀਰਜ ਰਤਨ ਨੇ ਲਿਖੇ ਹਨ।ਫਿਲਮ ਵਿੱਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਨੀਤਾ ਦੇਵਗਨ, ਜੁਗਰਾਜ ਸਿੰਘ, ਰਾਜੀਵ ਠਾਕੁਰ,ਸਵਿੰਦਰ ਮਾਹਲ ਅਤੇ ਅਸ਼ੋਕ ਪਾਠਕ ਸਮੇਤ ਹਰ ਕਲਾਕਾਰ ਦੀ ਦਮਦਾਰ ਐਕਟਿੰਗ ਵੇਖਣ ਨੂੰ ਮਿਲ ਰਹੀ ਹੈ।ਫ਼ਿਲਮ ਦੇ ਡਾਇਲਾਗ ਸ਼ਾਨਦਾਰ ਹਨ ਅਤੇ ਦਰਸ਼ਕਾਂ ਵੱਲੋਂ ਫ਼ਿਲਮ ਦੇ ਗੀਤ-ਸੰਗੀਤ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ।