FeaturedMovie News

ਸੋਸ਼ਲ ਮੀਡੀਆ 'ਤੇ ਧਮਾਲਾਂ ਪਾ ਰਿਹੈ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟ੍ਰੇਲਰ, 26 ਜੁਲਾਈ ਨੂੰ ਹੋਵੇਗੀ ਰਿਲੀਜ਼

ਪਾਲੀਵੁੱਡ ਪੋਸਟ- ਪੰਜਾਬੀ ਮਸ਼ਹੂਰ ਗਾਇਕ ਅਤੇ ਪਾਲੀਵੁੱਡ ਇੰਡਸਟਰੀ ਦੀ ਸ਼ਾਨ ਅਮਰਿੰਦਰ ਗਿੱਲ ਦੀ ਨਵੀਂ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਬੀਤੇ ਦਿਨ ‘ਰਿਧਮ ਬੁਆਏਜ਼’ ਦੇ ਆਫੀਸ਼ੀਅਲ ਯੂਟਿਊਬ ਚੈੱਨਲ ‘ਤੇ ਰਿਲੀਜ਼ ਕੀਤਾ ਗਿਆ ਹੈ ਜੋ ਕਿ ਦਰਸ਼ਕਾਂ ਵੱਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਇਸ ਫ਼ਿਲਮ ‘ਚ ਅਮਰਿੰਦਰ ਗਿੱਲ ਦੇ ਨਾਲ ਹੀਰੋਇਨ ਦੀ ਭੂਮਿਕਾ ‘ਚ ਅਦਾਕਾਰਾ ਸਿੰਮੀ ਚਾਹਲ, ਹਰਦੀਪ ਗਿੱਲ, ਗਾਇਕ ਗੁਰਸ਼ਬਦ ਅਤੇ ਪਾਕਿਸਤਾਨ ਦੇ ਨਾਮਵਰ ਕਾਮੇਡੀ ਤੇ ਡਰਾਮਾ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੌਟੀ ਤੇ ਇਫਤਿਖਾਰ ਠਾਕੁਰ ਨਜ਼ਰ ਆਉਣਗੇ।ਕਾਮੇਡੀ ਅਤੇ ਡਰਾਮੇ ਦਾ ਸੁਮੇਲ ਇਸ ਫਿਲਮ ਦੀ ਕਹਾਣੀ ਰਾਕੇਸ਼ ਧਵਨ ਦੀ ਲਿਖੀ ਹੈ ਜੋ ਕਿ ਰੋਜ਼ੀ-ਰੋਟੀ ਖ਼ਾਤਰ ਅਤੇ ਸੁਨਹਿਰੇ ਭਵਿੱਖ ਲਈ ਆਪਣਾ ਪਰਿਵਾਰ ਛੱਡ ਵਿਦੇਸ਼ ਗਏ ਨੌਜਵਾਨਾਂ ਦੀ ਜ਼ਿੰਦਗੀ ਨਾਲ ਜੁੜੀ ਹੈ।ਵਿਦੇਸ਼ਾਂ ‘ਚ ਨੌਜਵਾਨਾਂ ਨੂੰ ਰੋਜ਼ਗਾਰ ਕਮਾਉਣ ਤੇ ਪੱਕੇ ਹੋਣ ਖ਼ਾਤਰ ਕਿ ਕਿ ਪਾਪੜ ਵੇਲਣੇ ਪੈਂਦੇ ਹਨ ਨੂੰ ਇੱਕ ਨਵੇਂ ਕੰਸੇਪਟ ਨਾਲ ਪਰਦੇ ਤੇ ਪੇਸ਼ ਕੀਤਾ ਜਾਵੇਗਾ।ਇਹ ਫ਼ਿਲਮ ਪਰਵਾਸੀ ਪੰਜਾਬੀਆਂ ਦੀ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਦਰਸ਼ਕ ਵਿਦੇਸ਼ੀ ਮਾਹੌਲ ਵਿੱਚੋਂ ਪੈਦਾ ਹੋਈ ਨਵੀਂ ਕਾਮੇਡੀ ਦਾ ਆਨੰਦ ਮਾਣਨਗੇ।ਇਸ ਫ਼ਿਲਮ ਨੂੰ ਨੌਜਵਾਨ ਫ਼ਿਲਮ ਨਿਰਦੇਸ਼ਕ ਜਨਜੋਤ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ।ਦੱਸਣਯੋਗ ਹੈ ਕਿ ਇਹ ਫ਼ਿਲਮ ਪੰਜਾਬ ਦੀ ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਸ ਵਿਚ ਭਾਰਤ ਵਿਚਲੇ ਪੰਜਾਬ ਅਤੇ ਪਾਕਿਸਤਾਨ ਵਿਚਲੇ ਪੰਜਾਬ ਦੇ ਕਲਾਕਾਰ ਇਕੱਠੇ ਨਜ਼ਰ ਆਉਣਗੇ। ‘ਰਿਦਮ ਬੁਆਏਜ਼ ਇੰਟਰਟੇਨਮੈਂਟ’, ‘ਗਿੱਲ ਨੈੱਟਵਰਕ’ ਅਤੇ ‘ਓਮ ਜੀ ਸਟਾਰ ਸਟੂਡੀਓ’ ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਹ ਫ਼ਿਲਮ 26 ਜੁਲਾਈ ਨੂੰ ਵਿਸ਼ਵਪੱਧਰੀ ਰਿਲੀਜ਼ ਹੋਵੇਗੀ।

Leave a Reply