Movie News

ਸੂਫ਼ੀ ਗਾਇਕ ਸਤਿੰਦਰ ਸਰਤਾਜ ਬਣਿਆ ‘ਫ਼ਿਲਮੀ ਨਾਇਕ’

ਪਾਲੀਵੁੱਡ ਪੋਸਟ-ਪੰਜਾਬੀ ਸੰਗੀਤ ਜਗਤ ਵਿੱਚ ਸੂਫ਼ੀਆਨਾ ਗਾਇਕੀ ਨਾਲ ਵੱਡੀ ਪਹਿਚਾਣ ਸਥਾਪਤ ਕਰਨ ਵਾਲਾ ਡਾ ਸਤਿੰਦਰ ਸਰਤਾਜ ਵੀ ਹੁਣ ਪੰਜਾਬ ਪਰਦੇ ‘ਤੇ ਬਤੌਰ ਨਾਇਕ ਫ਼ਿਲਮ ‘ਇੱਕੋ-ਮਿੱਕੇ’ ਰਾਹੀਂ ਆਪਣੀ ਅਦਾਕਾਰੀ ਦੇ ਰੰਗ ਵਿਖਾਵੇਗਾ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਉਸਦੀ ਪਹਿਲੀ ਫ਼ਿਲਮ ਨਹੀਂ ਹੋਵੇਗੀ ਕਿਊਕਿ ਇਸ ਤੋਂ ਪਹਿਲਾਂ ਦਰਸ਼ਕ ਸਰਤਾਜ ਨੂੰ ਹਾਲੀਵੁੱਡ ਫ਼ਿਲਮ ‘ ਬਲੈਕ ਪ੍ਰਿੰਸ਼’ ਵਿੱਚ ਵੀ ਵੇਖ ਚੁੱਕੇ ਹਨ। ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਤ ਸੀ ਜਿਸਨੂੰ ਨਿਰਦੇਸ਼ਕ ਕਵੀ ਰਾਜ ਨੇ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਅਤੇ ਪੰਜਾਬੀ ਜੁਬਾਨ ਵਿਚ ਵੀ ਡੱਬ ਕੀਤਾ। ਦਰਸ਼ਕਾਂ ਨੇ ਇਸ ਫ਼ਿਲਮ ਰਾਹੀਂ ਸਤਿੰਦਰ ਸਰਤਾਜ ਦੇ ਇੱਕ ਨਵੇਂ ਰੂਪ ਨੂੰ ਫਿਲਮੀ ਪਰਦੇ ‘ਤੇ ਵੇਖਿਆ। ਪਰ ਜਿਹੜੀ ਪੰਜਾਬੀ ਫ਼ਿਲਮ ਨਾਲ ਸਤਿੰਦਰ ਸਰਤਾਜ ਹੁਣ ਚਰਚਾ ਵਿੱਚ ਹੈ ਉਹ ਪੰਜਾਬ ਦੀ ਧਰਾਤਲ ਨਾਲ ਜੁੜੀ ਇੱਕ ਸਮਾਜਿਕ ਅਤੇ ਪਰਿਵਾਰਕ ਕਹਾਣੀ ਅਧਾਰਤ ਹੈ ਜਿਸ ਵਿੱਚ ਜਿੰਦਗੀ ਦੇ ਅਨੇਕਾਂ ਰੰਗ ਹਨ। 13 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ‘ਇੱਕੋ ਮਿੱਕੇ’ ਵਿੱਚ ਦਰਸ਼ਕ ਸਤਿੰਦਰ ਸਰਤਾਜ ਨਾਲ ਅਦਿੱਤੀ ਸ਼ਰਮਾ ਨੂੰ ਨਾਇਕਾ ਦੇ ਰੂਪ ਵਿੱਚ ਵੇਖਣਗੇ। ‘ਅੰਗਰੇਜ਼’ ਫ਼ਿਲਮ ਨਾਲ ਚਰਚਾ ਵਿੱਚ ਆਈ ਅਦਿੱਤੀ ਸ਼ਰਮਾ ਲੰਮੇ ਵਕਫ਼ੇ ਬਾਅਦ ਮੁੜ ਮੇਨ ਲੀਡ ‘ਚ ਨਜ਼ਰ ਆਵੇਗਾ।
ਇਸ ਫ਼ਿਲਮ ਦਾ ਲੇਖਕ ਨਿਰਦੇਸ਼ਕ ਪੰਕਜ ਵਰਮਾ ਹੈ ਜਿਸਨੇ ਪਿਆਰ ਮੁਹੱਬਤ ਅਤੇ ਪਰਿਵਾਰਕ ਕਹਾਣੀ ਅਧਾਰਤ ਇਸ ਫ਼ਿਲਮ ‘ਚ ਜ਼ਿੰਦਗੀ ਦੇ ਅਨੇਕਾਂ ਰੰਗਾਂ ਸਮੇਤ ਪਤੀ ਪਤਨੀ ਦੀ ਨੋਕ ਝੋਕ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਸਤਿੰਦਰ ਸਰਤਾਜ ਨੇ ਦੱਸਿਆ ਕਿ ਇਸ ਫ਼ਿਲਮ ‘ਚ ਉਸਨੇ ਫਾਈਨ ਆਰਟ ਦੇ ਇੱਕ ਵਿਦਿਆਰਥੀ ‘ਨਿਹਾਲ’ ਦਾ ਕਿਰਦਾਰ ਨਿਭਾਇਆ ਹੈ ਜੋ ਬੁੱਤ ਤਰਾਸ਼ੀ ਦਾ ਸ਼ੌਂਕ ਰੱਖਦਾ ਹੈ। ਆਪਣੇ ਪ੍ਰਾਜੈਕਟ ਲਈ ਉਸਨੂੰ ਇੱਕ ਖੂਬਸੁਰਤ ਚਿਹਰੇ ਦੀ ਤਲਾਸ਼ ਹੈ ਜੋ ਉਸਨੂੰ ‘ ਡਿੰਪਲ’ (ਅਦਿੱਤੀ ਸ਼ਰਮਾ) ਦੇ ਚਿਹਰੇ ਤੋਂ ਲੱਭਦੀ ਹੈ। ਖੂਬਸੁਰਤੀ ਤਰਾਸ਼ਦਾ-ਤਰਾਸ਼ਦਾ ਉਹ ਦਿਲਾਂ ਦੀ ਸਾਂਝ ਪਾ ਲੈਂਦੇ ਹਨ।
ਫ਼ਿਲਮ ਵਿੱਚ ਸਤਿੰਦਰ ਸਰਤਾਜ, ਅਦਿੱਤੀ ਸ਼ਰਮਾ, ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸਿਵਾਨੀ ਸੈਣੀ, ਵੰਦਨਾ ਸ਼ਰਮਾ, ਬਲਵਿੰਦਰ ਬੇਗੋ,ਵਿਜੇ ਕੁਮਾਰ, ਨਵਦੀਪ ਕਲੇਰ, ਰਾਜ ਧਾਲੀਵਾਲ, ਉਮੰਗ ਸ਼ਰਮਾ , ਨੂਰ ਚਹਿਲ ਤੇ ਮਨਿੰਦਰ ਵੈਲੀ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ‘ਸਾਗਾ ਮਿਊਜ਼ਿਕ’ ਵਲੋਂ ਰਿਲੀਜ਼ ਕੀਤਾ ਗਿਆ ਹੈ। ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਇਹ ਫ਼ਿਲਮ ਸੰਗੀਤਕ ਫੈਮਲੀ ਡਰਾਮਾ ਹੈ ਜੋ ਸਮਾਜ ਨਾਲ ਜੁੜੇ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ। ਚੰਗੇ ਸਿਨੇਮੇ ਲਈ ਉਹ ਆਪਣਾ ਸਹਿਯੋਗ ਦਿੰਦਾ ਰਹੇਗਾ।