Music

ਸੂਫ਼ੀ ਗਾਇਕ ਡਾ ਸਤਿੰਦਰ ਸਰਤਾਜ ਦਾ ਨਵਾਂ ਗੀਤ 'ਸ਼ਗੂਫ਼ਤਾ-ਦਿਲੀ' ਰਿਲੀਜ਼

ਸੂਫ਼ੀਅਤ ਰੰਗ ਵਾਲੀ ਗਾਇਕੀ ਦੇ ਸਿਰਮੌਰ ਗਾਇਕ ਡਾ ਸਤਿੰਦਰ ਸਰਤਾਜ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਚੰਗੀ ਸ਼ਾਇਰੀਨੁਮਾ ਸੰਗੀਤ ਨਾਲ ਜੁੜੇ ਸੂਝਵਾਨ ਸਰੋਤਿਆਂ ਦਾ ਚਹੇਤਾ ਗਾਇਕ ਹੈ। ਜ਼ਿੰਦਗੀ ਦੀਆਂ ਸੱਚਾਈ ਤੇ ਰੱਬ ਦੇ ਰੰਗਾਂ ਦੀ ਉਸਤਦ ਕਰਦੀ ਉਸਦੀ ਗਾਇਕੀ ਵਾਰ ਵਾਰ ਸੁਣਨ ਦੇ ਕਾਬਲ ਹੁੰਦੀ ਹੈ। ਬਹੁਤ ਹੀ ਥੋੜੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਬਣਾਉਣ ਵਾਲੇ ਡਾਂ ਸਤਿੰਦਰ ਸਰਤਾਜ ਦਾ ਇੰਨ੍ਹੀਂ ਦਿਨੀਂ ਇੱਕ ਨਵਾਂ ਗੀਤ ‘ਸ਼ਗੂਫ਼ਤਾ-ਦਿਲੀ’ ਸਾਗਾ ਮਿਊਜਿਕ ਤੇ ਯਸ਼ ਰਾਜ ਫ਼ਿਲਮਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ। ਪੰਜਾਬੀ,ਹਿੰਦੀ ਤੇ ਉਰਦੂ ਭਾਸ਼ਾ ਦੇ ਸੁਮੇਲ ਇਸ ਗੀਤ ਨੂੰ ਸਤਿੰਦਰ ਸਰਤਾਜ਼ ਨੇ ਆਪ ਹੀ ਲਿਖਕੇ ਕੰਪੋਜ਼ ਕੀਤਾ ਹੈ ਤੇ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਇਸ ਗੀਤ ਦੀ ਸ਼ਬਦਾਵਲੀ ਤੇ ਵੀਡਿਓ ਫ਼ਿਲਮਾਂਕਣ ਬਹੁਤ ਹੀ ਕਾਬਲੇ ਤਾਰੀਫ਼ ਹੈ। ਇਸ ਗੀਤ ਦਾ ਵੀਡਿਓ ਅਮਰਪ੍ਰੀਤ ਸਿੰਘ ਛਾਬੜਾ ਨੇ ਵਿਦੇਸ਼ਾਂ ਦੀਆਂ ਬਹੁਤ ਹੀ ਖੂਬਸੁਰਤ ਲੁਕੇਸ਼ਨਾਂ ‘ਤੇ ਫ਼ਿਲਮਾਇਆ ਹੈ। ਸਾਗਾ ਮਿਊਜ਼ਿਕ ਦੇ ਮਾਲਕ ਸੁਮੀਤ ਸਿੰਘ ਇਸ ਗੀਤ ਦੇ ਰਿਲੀਜ਼ ਸਮੇਂ ਬਹੁਤ ਹੀ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਆਪਣੇ ਮਨ ਦੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਡਾ ਸਤਿੰਦਰ ਸਰਤਾਜ ਸੂਫ਼ੀਅਤ ਗਾਇਕੀ ਦਾ ਸਰਤਾਜ ਹੈ ਜਿਸਨੇ ਉਸਤਾਦ ਨੁਸਰਤ ਫਤਿਹ ਅਲੀ ਖਾਂ ਤੋਂ ਬਾਅਦ ਦੇਸ਼ ਵਿਦੇਸਾਂ ਦੇ ਸਰੋਤਿਆਂ ਵਿੱਚ ਆਪਣੀ ਵੱਡੀ ਪਛਾਣ ਬਣਾਈ ਹੈ। ਅਜਿਹੇ ਫ਼ਨਕਾਰ ਨੂੰ ਸਾਗਾ ਮਿਊਜਿਕ ‘ਚ ਪੇਸ਼ ਕਰਨਾ ਸਾਡੇ ਲਈ ਸੱਚਮੱਚ ਹੀ ਵੱਡੇ ਮਾਣ ਵਾਲੀ ਗੱਲ ਹੈ। ਇੱਕ ਹੋਰ ਵੱਡਾ ਗੁਣ, ਕਿ ਡਾ ਸਤਿੰਦਰ ਸਰਤਾਜ ਜਿੰਨ੍ਹਾਂ ਵਧੀਆਂ ਫ਼ਨਕਾਰ ਹੈ ਉਨ੍ਹਾ ਹੀ ਵਧੀਆਂ ਇੰਨਸਾਨ ਵੀ ਹੈ। ਅਦਬ ਅਤੇ ਸਤਿਕਾਰ ਉਸਦੀ ਜ਼ਿੰਦਗੀ ਦਾ ਸਰਮਾਇਆ ਹਨ। ਅਜਿਹੇ ਲੋਕ ਆਵਾਜ਼ ਦੇ ਨਹੀਂ ਬਲਕਿ ਰੂਹ ਦੇ ਗਾਇਕ ਹੁੰਦੇ ਹਨ ਜੋ ਦਰਸ਼ਕਾਂ ਦੇ ਦਿਲਾਂ ‘ਚ ਵਸੇ ਹੁੰਦੇ ਹਨ।