Articles

ਸੁਫ਼ਨਾ ਰਾਹੀਂ 'ਤਾਨੀਆ' ਨੂੰ ਮਿਲਿਆ ਦਰਸ਼ਕਾਂ ਦਾ ਵੱਡਾ ਪਿਆਰ

ਪਾਲੀਵੁੱਡ ਪੋਸਟ- ਬਤੌਰ ਨਾਇਕਾ ‘ਸੁਫ਼ਨਾ’ ਫ਼ਿਲਮ ਰਾਹੀਂ ਆਪਣੇ ਕੈਰੀਅਰ ਨੂੰ ਸਫ਼ਲਤਾ ਦੀ ਪਰਵਾਜ਼ ਦੇਣ ਵਾਲੀ ਤਾਨੀਆ ਦੀ ਅੱਜ ਚਾਰੇ ਪਾਸੇ ਚਰਚਾ ਹੋ ਰਹੀ ਹੈ। ਉਸਦੀ ਅਦਾਕਾਰੀ ਨੇ ਦਰਸ਼ਕਾ ਨੂੰ ਪ੍ਰਭਾਵਤ ਕੀਤਾ ਹੈ। ਜਿੱਥੇ ‘ਸੁਫ਼ਨਾ’ ਨੇ ਵਪਾਰਕ ਪੱਖੋਂ ਪੰਜਾਬੀ ਸਿਨੇਮੇ ਨੂੰ ਮਜਬੂਤ ਕੀਤਾ ਹੈ ਉੱਥੇ ਤਾਨੀਆ ਦੀ ਅਦਾਕਾਰੀ ਨੂੰ ਵੀ ਸਿਖ਼ਰਾਂ ‘ਤੇ ਪਹੁੰਚਾਇਆ ਹੈ। ਉਹ ਸਮਾਂ ਦੂਰ ਨਹੀਂ ਜਦ ਹੁਣ ਹਰੇਕ ਨਿਰਮਾਤਾ-ਨਿਰਦੇਸ਼ਕ ਆਪਣੀ ਫ਼ਿਲਮ ਲਈ ਤਾਨੀਆ ਨੂੰ ਹੀ ਆਪਣੀਆ ਫਿਲ਼ਮਾ ਦੀ ਨਾਇਕਾ ਚੁਣਨ ਦੀ ਸੋਚ ਰੱਖਗਾ।
ਤਾਨੀਆ ਦੀ ਖੂਬਸੁਰਤੀ, ਅਦਾਵਾਂ ਤੇ ਕਿਰਦਾਰ ਵਿੱਚ ਢਲਣ ਦੀ ਕਾਬਲੀਅਤ ਦੀ ਅੱਜ ਹਰ ਕੋਈ ਪ੍ਰਸੰਸ਼ਾ ਕਰ ਰਿਹਾ ਹੈ। ਇਸ ਪਿੱਛੇ ਉਸਦੀ ਸਾਲਾਂ ਭਰ ਦੀ ਸਖ਼ਤ ਮੇਹਨਤ ਹੈ। ਤਾਨੀਆ ਖੁਸ਼ ਹੈ ਕਿ ਉਸਦੀ ਮੇਹਨਤ ਨੂੰ ਫ਼ਲ ਲੱਗਿਆ ਹੈ। ਤਾਨੀਆ ਆਪਣੀ ਇਸ ਮੇਹਨਤ ਪਿੱਛੇ ਸੱਭ ਤੋਂ ਪਹਿਲਾਂ ਆਪਣੀ ਫੈਮਲੀ ਦਾ ਵੱਡਾ ਸਹਿਯੋਗ ਮੰਨਦੀ ਹੈ ਜਿੰਨਾਂ ਨੇ ਇਸ ਖੇਤਰ ‘ਚ ਅੱਗੇ ਵੱਧਣ ਦੀ ਸਹਿਮਤੀ ਦਿੰਦਿਆਂ ਕਦਮ ਕਦਮ ‘ਤੇ ਸਾਥ ਦਿੱਤਾ,ਫ਼ਿਰ ਉਹ ਸ਼ੁੱਕਰਗੁਜ਼ਾਰ ਹੈ ਜਗਦੀਪ ਸਿੱਧੂ ਜੀ ਤੇ ਸਮੁੱਚੀ ਟੀਮ ਦੀ ਜਿੰਨਾਂ ਨੇ ਉਸ ਅੰਦਰਲੀ ਕਲਾ ਨੂੰ ਪਛਾਣਦਿਆਂ ‘ਤੇਗ’ ਦੇ ਕਿਰਦਾਰ ਲਈ ਚੁਣ ਕੇ ਇੱਕ ਨਵੀਂ ਨਾਇਕਾ ਦੇ ਰੂਪ ਵਿੱਚ ਉਸਦਾ ਸੁਪਨਾ ਸੱਚ ਕਰਨ ਵਿੱਚ ਮਦਦ ਕੀਤੀ। ਉਹ ਆਪਣੇ ਲੱਖਾਂ ਕਰੋੜਾਂ ਦਰਸ਼ਕਾਂ/ਪ੍ਰਸ਼ੰਸ਼ਕਾਂ ਦੀ ਵੀ ਧੰਨਵਾਦੀ ਹੈ ਜਿੰਨਾਂ ਨੇ ਉਸਦੀਆਂ ਫ਼ਿਲਮਾਂ ਨੂੰ ਪਿਆਰ ਦਿੱਤਾ ਤੇ ਭਵਿੱਖ ਵਿੱਚ ਵੀ ਉਸਨੂੰ ਇਸੇ ਤਰਾਂ ਪਿਆਰ ਦਿੰਦੇ ਰਹਿਣਗੇ।
‘ਸੁਫ਼ਨਾ ਦੀ ਸੂਟਿੰਗ ਦੌਰਾਨ ਰਾਜਸਥਾਨ ਦੇ ਪੰਜਾਬੀ ਪਿੰਡਾਂ ਵਿੱਚ ਬਿਤਾਏ ਪਲ ਉਸਦੀ ਜਿੰਦਗੀ ਦੀਆਂ ਅਭੁੱਲ ਯਾਦਾਂ ਬਣ ਚੁੱਕੀਆਂ ਹਨ। ਪਿੰਡਾਂ ਦੇ ਨਿਰੋਲ ਕਲਚਰ ਨਾਲ ਉਸਨੂੰ ਸੱਚਮੁੱਚ ਹੀ ਬਹੁਤ ਮੋਹ ਹੈ। ਤਾਨੀਆਂ ਦੀਆਂ ਪਿਛਲੀਆਂ ਫ਼ਿਲਮਾਂ ‘ਤੇ ਝਾਤ ਮਾਰੀਏ ਤਾਂ ਤਾਨੀਆ ਨੇ ‘ਸਨ ਆਫ਼ ਮਨਜੀਤ ਸਿੰਘ’ ਤੋਂ ਫ਼ਿਲਮੀ ਸਫ਼ਰ ਦਾ ਆਗਾਜ਼ ਕੀਤਾ ਪਰ ਇਸ ਫ਼ਿਲਮ ਦੇ ਰਿਲੀਜ਼ ਪਹਿਲਾਂ ਹੀ ਉਸਦੀ ਦੂਸਰੀ ਫ਼ਿਲਮ ‘ਕਿਸਮਤ’ ਬਣ ਕੇ ਰਿਲੀਜ਼ ਹੋ ਗਈ ਸੀ ਜਿਸ ਵਿੱਚ ਉਸਨੇ ਇਕ ਅਰਥਭਰਪੂਰ ਕਿਰਦਾਰ ਨਿਭਾਇਆ ਜਿਸ ਨਾਲ ਉਸਦੀ ਦਰਸ਼ਕਾਂ ‘ਚ ਪਛਾਣ ਬਣੀ। ਫਿਰ ‘ਰੱਬ ਦਾ ਰੇਡੀਓ’ ਵਿੱਚ ਵੀ ਉਸਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਲਿਆ। ‘ਗੁੱਡੀਆ ਪਟੋਲੇ’ ਵਿੱਚ ਵੀ ਉਸਦੀ ਅਦਾਕਾਰੀ ਬਹੁਤ ਕਾਬਲੇਗੌਰ ਰਹੀ। ਇਸ ਫ਼ਿਲਮ ਵਿੱਚ ਉਹ ਭਾਵੇਂ ਸੈਕਿੰਡ ਲੀਡ ਵਿੱਚ ਸੀ ਪਰ ਉਸਦੀ ਅਦਾਕਾਰੀ ‘ਚੋਂ ਅਨੇਕਾਂ ਸੇਡਜ਼ ਨਜ਼ਰ ਆਏ। ਆਉਣ ਵਾਲੇ ਦਿਨਾਂ ਵਿੱਚ ਵੀ ਉਸ ਕੋਲ ਕਈ ਚੰਗੀਆਂ ਫ਼ਿਲਮਾਂ ਹਨ ਜੋ ਉਸਦੇ ਭਵਿੱਖ ਨੂੰ ਹੋਰ ਵੀ ਚਮਕਾਉਣ ਦੇ ਸਮੱਰਥ ਹੋਣਗੀਆ। ਪੰਜਾਬੀ ਸਿਨੇਮੇ ਨੂੰ ਤਾਨੀਆ ਤੋਂ ਚੰਗੀਆਂ ਉਮੀਦਾ ਹਨ।