Articles

ਸਵ. ਸਿੱਧੂ ਮੂਸੇਵਾਲਾ ਦੀ ਯਾਦ ‘ਚ ਪੌਦਿਆਂ ਦਾ ਲੰਗਰ ਅਤੇ ਖੂਨਦਾਨ ਕੈਂਪ ਮੇਲਾ ਕਠਾਰ ਵਿਖੇ 14 ਸਤੰਬਰ ਨੂੰ

 ਜਲੰਧਰ 12 ਸਤੰਬਰ (ਹਰਜਿੰਦਰ ਸਿੰਘ ਜਵੰਦਾ) – ਸਵ. ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਪੌਦਿਆਂ ਦਾ ਲੰਗਰ ਅਤੇ ਖੂਨਦਾਨ ਕੈਂਪ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ ਫਿਲਮ ਪ੍ਰੋਡਿਊਸਰ ਭਾਨਾ ਐਲ.ਏ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ 14 ਸਤੰਬਰ ਨੂੰ ਲਗਾਇਆ ਜਾਵੇਗਾ।ਦੱਸ ਦਈਏ ਕਿ 25ਵਾਂ ‘ਮੇਲਾ ਕਠਾਰ ਦਾ’ ਸਵ. ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।

ਭਾਨਾ ਐਲ. ਏ ਦੀ ਸਵ. ਸਿੱਧੂ ਮੂਸੇਵਾਲਾ ਨਾਲ ਪੁਰਾਣੀ ਤਸਵੀਰ

ਇਸ ਸੰਬੰਧੀ ਭਾਨਾ ਐਲ.ਏ ਨੇ ਸ਼ੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਸਾਡੇ ਰੰਗਲਾ ਸੱਜਣ ਤੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਰੀਰਕ ਰੂਪ ਵਿੱਚ ਅੱਜ ਭਾਂਵੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸ ਦੀਆਂ ਯਾਦਾਂ, ਪਿਆਰ, ਸਤਿਕਾਰ ਅਤੇ ਉਸ ਦੇ ਗੀਤ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ।ਇਹ ਸਾਡਾ ਫਰਜ਼ ਹੈ ਕਿ ਅਸੀਂ ਰਹਿੰਦੀ ਦੁਨੀਆਂ ਤੱਕ ਆਪਣੇ ਉਸ ਭਰਾ ਦੇ ਨਾਮ ਨੂੰ ਜਿਉਂਦਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਸੋ ਇਸ ਵਾਰ 25ਵਾਂ ਮੇਲਾ ਕਠਾਰ ਦਾ ਸ਼ੁਭਦੀਪ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਹੋਵੇਗਾ ਅਤੇ ਇਸ ਮੌਕੇ ਜਿੱਥੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਦਰਗਾਹ ਤੇ ਪੌਦੇ ਲਗਾਏ ਜਾਣਗੇ, ਉੱਥੇ ਨਾਲ ਹੀ ਮੇਲੇ ਤੇ ਪਹੁੰਚੀਆਂ ਸੰਗਤਾਂ ਨੂੰ ਵੀ ਸਿੱਧੂ ਦੀ ਯਾਦ ‘ਚ ਪੌਦੇ ਲਾਉਣ ਲਈ ਵੰਡੇ ਜਾਣਗੇ। ਉਨ੍ਹਾਂ ਅੱਗੇ ਦੱਸਿਆ 14 ਸਤੰਬਰ ਨੂੰ ਸਵ. ਸਿੱਧੂ ਮੂਸੇਵਾਲਾ ਦੀ ਯਾਦ ਸਮਰਪਿਤ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਅਤੇ ਇਸ ਖੂਨਦਾਨ ਕੈਂਪ ਦੌਰਾਨ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਖੂਨਦਾਨ ਕੀਤਾ ਜਾਵੇਗਾ।ਜ਼ਿਕਰਯੋਗ ਹੈ ਇਸ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਹਨ ਅਤੇ ਮੇਲੇ ਦੌਰਾਨ ਜਿੱਥੇ ਇਲਾਕੇ ਭਰ ਚੋਂ ਵੱਡੀ ਗਿਣਤੀ ਵਿਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜਣਗੀਆਂ ਉੱਥੇ ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦੌਰਾਨ 3 ਦਰਜਨ ਦੇ ਕਰੀਬ ਨਾਮੀ ਕਲਾਕਾਰ ਵੀ ਆਪਣੀ ਹਾਜ਼ਰੀ ਭਰਨਗੇ।