ArticlesMovie NewsUpcoming Movies

ਯਥਾਰਥਵਾਦੀ ਸਿਨਮੇ ਦਾ ਵਾਰਿਸ – ਅਮਰਦੀਪ ਸਿੰਘ ਗਿੱਲ

ਪੰਜਾਬੀ ਗੀਤਕਾਰੀ ਤੋਂ ਬਾਅਦ ਅਮਰਦੀਪ ਸਿੰਘ ਗਿੱਲ ਫ਼ਿਲਮੀ ਖੇਤਰ ਦੀ ਇਕ ਜਾਣੀ ਪਛਾਣੀ ਸ਼ਖਸੀਅਤ ਹੈ। ਜਿੱਥੇ ਉਸਨੇ ਬਤੌਰ ਲੇਖਕ ਅਨੇਕਾਂ ਫ਼ਿਲਮਾਂ ਲਈ ਆਪਣਾ ਯੋਗਦਾਨ ਪਾਇਆ ਉੱਥੇ ਉਸਨੇ ਇੱਕ ਸਫ਼ਲ ਨਿਰਦੇਸ਼ਕ ਵਜੋਂ ਗੂੜੀਆਂ ਪੈੜਾਂ ਪਾਈਆਂ, ਭਾਵੇਂ ਉਹ ਲਘੂ ਫ਼ਿਲਮਾਂ ਹੋਣ ਜਾਂ ਫਿਰ ਫ਼ੀਚਰ ਫ਼ਿਲਮਾਂ । ਅਮਰਦੀਪ ਸਿੰਘ ਗਿੱਲ ਨੇ ਮੌਜੂਦਾ ਸਿਨਮੇ ਦੀ ਭੀੜ ‘ਚ ਇੱਕ ਵੱਖਰੇ ਸਿਨੇਮੇ ਦੀ ਨੀਂਹ ਰੱਖੀ ਜੋ ਕਾਲਪਨਿਕ ਪਾਤਰਾਂ ਦੀ ਬਜਾਏ ਜ਼ਿੰਦਗੀ ਨਾਲ ਜੂਝਦੇ ਅਸਲ ਮਨੁੱਖ ਦੀ ਕਹਾਣੀ ਬਿਆਨਦੇ ਹਨ।

ਸਾਹਿਤਕ ਮਾਹੌਲ ‘ਚ ਜੰਮੇ ਪਲੇ ਅਮਰਦੀਪ ਸਿੰਘ ਗਿੱਲ ਦਾ ਸਿਨੇਮਾ ਵੀ ਉਸਦੀਆਂ ਸਾਹਿਤਕ ਕਿਰਤਾਂ ‘ਚੋਂ ਉਪਜਿਆ ਹੈ। ਰਾਮ ਸਰੂਪ ਅਣਖੀ ਦੀ ਕਹਾਣੀ ਦਾ ਫ਼ਿਲਮੀਕਰਣ ਕਰਦਿਆਂ ਉਸਨੇ ‘ਸੁੱਤਾ ਨਾਗ’ ਅਤੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਅਧਾਰਤ ‘ਖੂਨ’ ਆਦਿ ਲਘੂ ਫ਼ਿਲਮਾਂ ਦਾ ਨਿਰਮਾਣ ਕਰਕੇ ਸਾਹਿਤਕ ਸਿਨੇਮੇ ਦੀ ਪਿਰਤ ਪਾਈ। ਵੱਡੇ ਸਿਨਮੇ ਦੀ ਗੱਲ ਕਰੀਏ ਤਾਂ ਲੇਖਕ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਹਮੇਸ਼ਾ ਹੀ ਲੀਕ ਤੋਂ ਹਟਕੇ ਫ਼ਿਲਮਾਂ ਕੀਤੀਆਂ ਹਨ, ਜੋ  ਵਿਆਹ ਕਲਚਰ ਜਾਂ ਹਾਸੇ ਠੱਠੇ ਤੋਂ ਦੂਰ ਸਮਾਜਕ ਮੁੱਦਿਆਂ ਅਧਾਰਤ ਹੁੰਦੀਆਂ ਹਨ। ਉਸਦੀ ਇਹ ਫ਼ਿਲਮ ‘ਮਰਜਾਣੇ’ ਵੀ ਨੌਜਵਾਨੀ ਵਿਸ਼ੇ ਦੀ ਤਰਜ਼ਮਾਨੀ ਕਰਦੀ ਇੱਕ ਸੱਚੀ ਘਟਨਾ ਅਧਾਰਤ ਹੈ।
ਓਹਰੀ ਪ੍ਰੋਡਕਸ਼ਨ ਅਤੇ ਜੀਤ ਸੰਨਜ਼ ਇੰਟਰਨੈਸ਼ਨਲ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ  ਇਹ ਫ਼ਿਲਮ ਕੁਰਾਹੇ ਪਈ ਜਵਾਨੀ ਦੀ ਕਹਾਣੀ ਹੈ। ਜਿੰਨ੍ਹਾਂ ਨੂੰ ਸਹੀ ਸਮੇਂ ਸਹੀ ਸੇਧ ਨਾ ਮਿਲ ਸਕੀ ਤੇ ਜਵਾਨੀ ਦੇ ਜੋਸ਼ ਵਿੱਚ ਉਹ ਐਸੇ ਤਿਲਕੇ ਕਿ ਮੁੜ ਸੰਭਲ ਨਾ ਸਕੇ। ਜ਼ਿੰਦਗੀ ਦੇ ਰਾਹਾਂ ਤੋਂ ਅਜਿਹਾ ਭਟਕੇ ਕਿ ਹਾਲਾਤਾਂ ਨੇ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੱਤਾ। ਲਾਡ ਪਿਆਰ  ਨਾਲ ਮਰਜਾਣੇ ਆਖਣ ਵਾਲੀਆਂ ਮਾਵਾਂ ਦੇ ਉਹ ਪੁੱਤ ਜੋ ਜਵਾਨੀ ਉਮਰੇ ਗਲਤ ਰਾਹਾਂ ਤੇ ਜਾ ਤੁਰੇ  ਤੇ ਰਿਵਾਲਰ ’ਚੋਂ ਨਿਕਲੀ ਗੋਲੀ ਵਾਂਗ ਮੁੜ ਕਦੇ ਘਰ ਨਾ ਪਰਤੇ। ਪੰਜਾਬ ਵਿੱਚ ਵਧਦੇ ਜਾਂਦੇ ਗੈਂਗਸਟਰ ਗਰੁੱਪਾਂ ਦੇ ਖੌਫ਼ਨਾਕ ਸੱਚ ਨੂੰ ਪੇਸ਼ ਕਰਦੀ ਇਹ ਫ਼ਿਲਮ ਸਮੇਂ ਦਾ ਕੌੜਾ ਸੱਚ ਹੈ ਜੋ ਨੌਜਵਾਨ ਵਰਗ ਨੂੰ ਮਾੜੇ ਕੰਮਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੀ ਹੈ। ਇਸ ਫ਼ਿਲਮ ’ਚ ਸਿੱਪੀ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਵਿੱਚ ਸਿੱਪੀ ਗਿੱਲ, ਪ੍ਰੀਤ ਕਮਲ, ਕੁਲ ਸਿੱਧੂ, ਆਸ਼ੀਸ਼ ਦੁੱਗਲ, ਤਰਸੇਮ ਪੌਲ, ਹਰਿੰਦਰ ਭੁੱਲਰ, ਸਤਵਿੰਦਰ ਕੌਰ, ਪ੍ਰੀਤ ਭੁੱਲਰ, ਰਮਨ ਢਿੱਲੋਂ, ਬਲਵਿੰਦਰ ਧਾਲੀਵਾਲ, ਸੋਨਪ੍ਰੀਤ, ਜੀਤ ਸਿੰਘ, ਹਰਪ੍ਰੀਤ ਬੈਂਸ ਤੇ ਬਖ਼ਤਾਵਰ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਅਮਰਦੀਪ ਸਿੰਘ ਗਿੱਲ, ਨਰਿੰਦਰ ਬਾਠ ਤੇ ਸੁਲੱਖਣ ਚੀਮਾ ਨੇ ਲਿਖੇ ਹਨ। ਸੰਗੀਤ ਸਚਿਨ ਆਹੂਜਾ, ਗੁਰਮੀਤ ਸਿੰਘ, ਲਾਡੀ ਗਿੱਲ ਤੇ ਦੀਪ ਜੰਡੂ ਨੇ ਦਿੱਤਾ ਹੈ। ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ, ਸਰਬਪਾਲ ਸਿੰਘ ਤੇ ਅੰਮਿ੍ਰਤਪਾਲ ਸਿੰਘ ਹਨ ਜਦਕਿ ਜਸਪ੍ਰੀਤ ਕੌਰ ਤੇ ਪ੍ਰੀਤ ਮੋਹਨ (ਕੈਂਡੀ) ਸਹਿ ਨਿਰਮਾਤਾ ਹਨ।
ਹਰਜਿੰਦਰ ਸਿੰਘ

Leave a Reply