Articles

ਬਾਲੀਵੁੱਡ ਤੋਂ ਪਾਲੀਵੁੱਡ ਵੱਲ ਆਏ ਲੇਖਕ ਨਿਰਦੇਸ਼ਕ ਵਿਕਰਮ ਪ੍ਰਧਾਨ

ਪੰਜਾਬੀ
ਸਿਨਮੇ ਲਈ ਚੰਗੇ ਵਿਸ਼ੇ ਲੈ ਕੇ ਫ਼ਿਲਮਾਂ ਬਣਾਉਣਾ ਚਣੌਤੀ ਭਰਿਆ ਕਦਮ ਹੈ। ਪੰਜਾਬ ਵਿੱਚ ਬਹੁਤ ਕਿੱਸੇ ਕਹਾਣੀਆਂ ਹਨ ਜਿੰਨ੍ਹਾ ‘ਤੇ ਚੰਗੀਆਂ ਫ਼ਿਲਮਾਂ ਬਣ ਸਕਦੀਆਂ ਹਨ ਕੁਝ ਲੇਖਕ ਨਿਰਦੇਸ਼ਕ ਇਸ ਬਾਰੇ ਕੰਮ ਵੀ ਕਰ ਰਹੇ ਹਨ। ਜਿੰਨ੍ਹਾ ‘ਚੋਂ ਇੱਕ ਨਾਂ ਹੈ ਬਾਲੀਵੁੱਡ ਤੋਂ ਪਾਲੀਵੁੱਡ ਵੱਲ ਆਏ ਲੇਖਕ ਨਿਰਦੇਸ਼ਕ ਵਿਕਰਮ ਪ੍ਰਧਾਨ ਦਾ. ਜਿੰਨ੍ਹਾ ਨੇ ਅਨੇਕਾਂ ਵੱਡੇ ਐਵਾਰਡ ਲੈਣ ਵਾਲੇ ਮਹਾਨ ਬੌਕਸਰ ਕੌਰ ਸਿੰਘ ਦੀ ਅਣਗੌਲੇਪਣ ਦੀ ਸ਼ਿਕਾਰ ਜਿੰਦਗੀ  ਨੂੰ ਪਰਦੇ ‘ਤੇ ਉਤਾਰਿਆ ਹੈ। ਇਸ ਚਣੌਤੀ ਭਰੇ ਵਿਸ਼ੇ ‘ਤੇ ਕੰਮ ਕਰਦਿਆਂ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਗੱਲ ਕਰਦਿਆਂ ਵਿਕਰਮ ਪ੍ਰਧਾਨ ਨੇ ਕਿਹਾ ਕਿ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਲੀਕ ਤੋਂ ਹਟਵੇਂ ਵਿਸ਼ੇ ‘ਤੇ ਕੰਮ ਕੀਤਾ ਜਾਵੇ। ਜਦ ਮੈਨੂੰ ਕੌਰ ਸਿੰਘ ਦੀ ਟਰੈਂਜਡੀ ਬਾਰੇ ਪਤਾ ਲੱਗਾ ਤਾਂ ਮੈਂ ਆਪਣੇ ਸਹਿਯੋਗੀ ਜੀਆ ਠੱਕਰ ਜੀ ਨਾਲ ਸਲਾਹ ਕੀਤੀ ਤਾਂ ਉਨ੍ਹਾਂ ਆਪਣੇ ਤਜੱਰਬੇ ਮੁਤਾਬਕ ਕਿਹਾ ਕਿ ਇਸ ਬਾਰੇ ਇੱਕ ਵਧੀਆਂ ਫ਼ਿਲਮ ਬਣ ਸਕਦੀ ਹੈ। ਅਸੀਂ ਜਲਦ ਹੀ ਮੁੰਬਈ ਤੋਂ ਪੰਜਾਬ ਜਾ ਕੇ ਕੌਰ ਸਿੰਘ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਬਣਾਇਆ। ਜਿੰਦਗੀ ਤੋਂ ਹਾਰੇ ਇਸ ਮਨੁੱਖ ਨੇ ਬੜੀ ਮੁਸ਼ਕਲ ਨਾਲ ਆਪਣੇ ਬਾਰੇ ਕੋਈ ਫ਼ਿਲਮ ਬਣਾਉਣ ਦੀ ਮਨਜੂਰੀ ਦਿੱਤੀ । ਫਿਰ ਕੌਰ ਸਿੰਘ ਨਾਲ ਕੁਝ ਦਿਨ ਰਹੇ ਤਾਂ ਅਸੀਂ ਉਸਦੇ ਜੀਵਨ ਦੀਆਂ ਅਨੇਕਾਂ ਘਟਨਾਵਾਂ ਨੂੰ ਨੋਟ ਕੀਤਾ ਜੋ ਸਾਡੀ ਸਕਰਿਪਟ ਦਾ ਹਿੱਸਾ ਬਣੀਆਂ। ਉਨ੍ਹਾਂ ਦੇ ਸੰਘਰਸ਼, ਆਰਥਿਕ ਹਾਲਾਤ, ਸਮਾਜ ਦੀਆਂ ਗੱਲਾਂ, ਸਰਕਾਰੀ ਦਫ਼ਤਰਾਂ ਵਿੱਚ ਹੁੰਦੀ ਖੱਜਲ ਖੁਆਰੀ ਅਖੀਰ ਉਹ ਹੰਭ ਹਾਰ ਕੇ ਬੈਠ ਗਿਆ। ਬੜੀ ਹੈਰਾਨੀ ਹੋਈ ਕਿ ਇਸ ਅਣਗੌਲੇ ਹੀਰੇ ਦੀ ਕਿਸੇ ਨੇ ਕਦਰ ਨਹੀਂ ਪਾਈ।

ਵਿਕਰਮ ਨੇ ਦੱਸਿਆ ਕਿ ਜਦ ਇਸ ਫ਼ਿਲਮ ਬਾਰੇ ਕਰਮ ਬਾਠ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਬਤੌਰ ਨਿਰਮਾਤਾ ਤੇ ਅਦਾਕਾਰ ਫ਼ਿਲਮ ਦਾ ਹਿੱਸਾ ਬਣਨ ਦੀ ਸਹਿਮਤੀ ਜਿਤਾਈ। ਉਨ੍ਹਾ ਬਤੌਰ ਨਾਇਕ ਆਪਣੇ ਆਪ ਨੂੰ ਕੌਰ ਸਿੰਘ ਦੇ ਕਿਰਦਾਰ ਲਈ ਫਿੱਟ ਕੀਤਾ। ਕਰਮ ਬਾਠ ਦੀ ਮੇਹਨਤ ਤੇ ਲਗਨ ਨਾਲ ਇਹ ਫ਼ਿਲਮ ਮੁਕੰਮਲ ਹੋਈ ਜੋ 22 ਜੁਲਾਈ ਨੂੰ ਵਰਡਵਾਇਡ ਰਿਲੀਜ਼ ਹੋ ਰਹੀ ਹੈ। ‘ਪਦਮ ਸ਼੍ਰੀ ਕੌਰ ਸਿੰਘ’ ਫਿਲਮ ਦਾ ਨਿਰਮਾਣ ਕਰਮ ਬਾਠ ਵੱਲੋਂ ਸਲੇਅ ਰਿਕਾਰਡਜ਼ ਨਾਲ ਮਿਲਕੇ ਕੀਤਾ ਗਿਆ ਹੈ। ਵਿਕਰਮ ਪ੍ਰਧਾਨ ਫ਼ਿਲਮ ਲੇਖਕ ਤੇ ਨਿਰਦੇਸ਼ਕ ਹਨ। ਫ਼ਿਲਮ ਦੇ ਮੁੱਖ ਅਦਾਕਾਰ ਕਰਮ ਬਾਠ ਇਸ ਫ਼ਿਲਮ ਰਾਹੀ ਆਪਣੇ ਕੈਰੀਅਰ ਦਾ ਆਗਾਜ਼ ਕਰਨ ਜਾ ਰਹੇ ਹਨ। ਫਿਲਮ ਵਿੱਚ ਪ੍ਰਭ ਗਰੇਵਾਲ, ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਜਿਹੇ ਸ਼ਾਨਦਾਰ ਸਿਤਾਰੇ ਸ਼ਾਮਿਲ ਹਨ। ਫਿਲਮ ਦੇ ਗੀਤ ਰਾਜ ਕਾਕੜਾ ਨੇ ਲਿਖੇ ਨੇ ਤੇ ਇਸਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ। ਜੀਆ ਠੱਕਰ ਫਿਲਮ ਦੇ ਸਹਿ ਲੇਖਕ ਤੇ ਸਹਿ ਨਿਰਦੇਸ਼ਕ ਹਨ। ਕਰਮ ਬਾਠ ਤੇ ਵਿੱਕੀ ਮਾਨ ਫਿਲਮ ਦੇ ਮੁੱਖ ਪ੍ਰੋਡਿਊਸਰ  ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸਦੇ ਕੋ-ਪ੍ਰੋਡਿਊਸਰ ਹਨ। ਆਮ ਫ਼ਿਲਮਾਂ ਦੀ ਭੀੜ ਵਿੱਚ ਇਸ ਵੱਖਰੇ ਵਿਸ਼ੇ ਦੀ ਫ਼ਿਲਮ ਪ੍ਰਤੀ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ।ਵਿਕਰਮ ਪ੍ਰਧਾਨ ਬਾਲੀਵੁੱਡ ਦਾ ਸਰਗਰਮ ਲੇਖਕ ਨਿਰਦੇਸ਼ਕ ਹੈ ਜਿਸਨੇ ਐਡ ਫ਼ਿਲਮਾਂ ਤੋਂ ਆਪਣੇ ਕੈਰੀਅਰ ਦੀ ਸ਼ੁੁਰੂਆਤ ਕੀਤੀ ਤੇ ਕਈ ਹਿੰਦੀ ਤੇ ਸਾਉਥ ਦੀਆਂ ਫ਼ਿਲਮਾਂ ਲਈ ਕੰਮ ਕੀਤਾ। ਐਮੀ ਵਿਰਕ ਨੂੰ ਲੈ ਕੇ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਨਾਂ ਦੀ
ਪੰਜਾਬੀ
ਫ਼ਿਲਮ ਵੀ ਬਣਾਈ। ਇਹ ਉਸਦੀ ਦੂਸਰੀ
ਪੰਜਾਬੀ
ਫ਼ਿਲਮ ਹੈ।ਆਸ ਕਰਦੇ ਹਾਂ ਕਿ ਇਸ ਫ਼ਿਲਮ ਨਾਲ ਕੌਰ ਸਿੰਘ ਵਰਗੇ ਸਰਕਾਰੀ ਅਣਗਹਿਲੀ ਦੇ ਸ਼ਿਕਾਰ ਮਹਾਨ ਬੰਦਿਆਂ ਦੀਆਂ ਭਾਵਨਾਵਾਂ ਦੀ ਕਦਰ ਪਵੇ ਤਾਂ ਜੋ
ਪੰਜਾਬੀ
ਸਿਨਮੇ ਲਈ ਕਰਮ ਬਾਠ ਦਾ ਪੁੱਟਿਆ ਕਦਮ ਇਤਿਹਾਸਕ ਸਾਬਤ ਹੋ ਸਕੇ।

ਹਰਜਿੰਦਰ ਸਿੰਘ ਜਵੰਦਾ