Movie News

ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਅਨੇਕਾਂ ਸੱਚੀਆਂ ਘਟਨਾਵਾਂ ਨੂੰ ਪਰਦੇ ਤੇ ਪੇਸ਼ ਕਰੇਗੀ ਫਿਲਮ 'ਜ਼ੋਰਾ ਦਾ ਸੈਕਿੰਡ ਚੈਪਟਰ'

ਪਾਲੀਵੁੱਡ ਪੋਸਟ- ਕਾਮੇਡੀ ਤੋਂ ਬਾਅਦ ਪੰਜਾਬੀ ਸਿਨੇਮਾ ਵਿੱਚ ਹੁਣ ਮਾਰਧਾੜ ਤੇ ਬਦਲੇ ਦੀ ਭਾਵਨਾ ਵਾਲੀਆਂ ਐਕਸ਼ਨ ਫ਼ਿਲਮਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਿਛਲੇ ਸਾਲ ਰਿਲੀਜ਼ ਕਈ ਫ਼ਿਲਮਾਂ ਵਿੱਚ ਸਾਊਥ ਦੀਆਂ ਫ਼ਿਲਮਾਂ ਦੀ ਝਲਕ ਵੀ ਵੇਖਣ ਨੂੰ ਮਿਲੀ ਜਿਸ ਤੋਂ ਇੰਝ ਲੱਗਦਾ ਹੈ ਜਿਵੇਂ ਪੰਜਾਬੀ ਸਿਨੇਮਾ ਹੋਲੀ ਹੋਲੀ ਆਪਣੀ ਲੀਹ ਤੋਂ ਭਟਕ ਰਿਹਾ ਹੋਵੇ ਪਰ ਅਮਰਦੀਪ ਸਿੰਘ ਗਿੱਲ ਪੰਜਾਬ ਦੇ ਹਾਲਾਤਾਂ ਅਤੇ ਸਮਾਜ ਨਾਲ ਜੁੜੀਆਂ ਫ਼ਿਲਮਾਂ ਦਾ ਨਿਰਮਾਣ ਕਰਨ ਵਾਲਾ ਅੱਵਲ ਦਰਜ਼ੇ ਦੇ ਲੇਖਕ ਨਿਰਦੇਸ਼ਕ ਹੈ ਜਿਸ ਦੀਆਂ ਲਿਖੀਆਂ ਤੇ ਨਿਰਦੇਸਿਤ ਕੀਤੀਆਂ ਫ਼ਿਲਮਾਂ ਪੰਜਾਬੀ ਦਰਸ਼ਕਾਂ ਦੀ ਪਸੰਦ ਬਣੀਆਂ।

ਹੁਣ 6 ਮਾਰਚ ਨੂੰ ਰਿਲੀਜ਼ ਹੋ ਰਹੀ ਇੱਕ ਨਵੀਂ ਫ਼ਿਲਮ ‘ਜੋਰਾ ਦਾ ਸੈਕਿੰਡ ਚੈਪਟਰ’ ਨਾਲ ਅਮਰਦੀਪ ਤੇ ਉਸਦੀ ਪੂਰੀ ਟੀਮ ਮੁੜ ਚਰਚਾ ਵਿੱਚ ਹੈ। ‘ਜ਼ੋਰਾ ਦਸ ਨੰਬਰੀਆਂ ‘ ਨੂੰ ਮਿਲੀ ਵੱਡੀ ਸਫ਼ਲਤਾ ਆਪਣੇ ਆਪ ਵਿਚ ਇੱਕ ਵੱਡੀ ਮਿਸ਼ਾਲ ਹੈ। ਜਿੰਨ੍ਹਾਂ ਦਰਸ਼ਕਾਂ ਨੇ ‘ਜੋਰਾ ਦਸ ਨੰਬਰੀਆਂ’ ਫ਼ਿਲਮ ਵੇਖੀ ਹੈ ਉਹ ਇਸ ਕਹਾਣੀ ਚੰਗੀ ਤਰ੍ਹਾਂ ਜਾਣਦੇ ਹਨ। ਵੱਡੀ ਸਟਾਰ ਕਾਸਟ ਵਾਲੀ ਇਹ ਫ਼ਿਲਮ ਸਮਾਜ ਅਤੇ ਸਿਆਸਤ ਨਾਲ ਜੁੜੀ ਨੌਜਵਾਨਾਂ ਦੇ ਗਰਮ ਖੂਨ ਦੀ ਕਹਾਣੀ ਹੈ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ ‘ਜ਼ੋਰਾ ਦਸ ਨੰਬਰੀਆਂ’ ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜ਼ਿਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ।

‘ਬਠਿੰਡੇ ਵਾਲੇ ਬਾਈ ਫ਼ਿਲਮਜ਼’, ਲਾਉਡ ਰੋਰ ਫ਼ਿਲਮ ਐਂਡ ‘ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮੇ ਦੇ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮ੍ਹ ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸਿੰਘਾਂ, ਸੋਨਪ੍ਰੀਤ ਸਿੰਘ ਜਵੰਧਾ ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ ਵਿੱਚ ਆਪਣੀ ਕਲਾ ਦੇ ਜ਼ੌਹਰ ਵਿਖਾਉਣਗੇ। 6 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨਾਲ ਪੰਜਾਬੀ ਫ਼ਿਲਮ ਉਦਯੋਗ ਵਿੱਚ ਵੱਡੇ ਫੇਰ ਬਦਲ ਆਉਣ ਦੀ ਉਮੀਦ ਹੈ।