Movie News

ਪੰਜਾਬ ਦੀ ਪਿੱਠਭੂਮੀ, ਕਲਚਰ ਅਤੇ ਸਮਾਜ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'

ਪਾਲੀਵੁੱਡ ਪੋਸਟ-ਅੰਤਰ-ਰਾਸ਼ਟਰੀ ਪੱਧਰ ‘ਤੇ ਪਛਾਣ ਬਣਾ ਚੁੱਕੇ ਪੰਜਾਬੀ ਸਿਨਮੇ ਨਾਲ ਹੁਣ ਵਿਦੇਸਾਂ ਵਿੱਚ ਵੱਸਦੇ ਪੰਜਾਬੀ ਵੀ ਬਤੌਰ ਨਿਰਮਾਤਾ ਜੁੜਨ ਲੱਗੇ ਹਨ ਜੋ ਚੰਗੇ ਵਿਸ਼ਿਆਂ ਅਧਾਰਤ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀਆਂ ਕਹਾਣੀਆਂਂ ਨੂੰ ਪੰਜਾਬੀ ਪਰਦੇ ‘ਤੇ ਲੈ ਕੇ ਆ ਰਹੇ ਹਨ ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦਾ ਚੰਗਾ ਸੁਨੇਹਾ ਵੀ ਦਿੰਦੀਆਂ ਹਨ। ਅਜਿਹੀ ਹੀ ਇੱਕ ਫ਼ਿਲਮ ‘ਜੱਦੀ ਸਰਦਾਰ’ ਅਮੇਰਿਕਾ ਦੇ ਨਾਮੀਂ ਕਾਰੋਬਾਰੀ ਸਰਦਾਰ ਬਲਜੀਤ ਸਿੰਘ ਜੌਹਲ ਬਤੌਰ ਨਿਰਮਾਤਾ ਲੈ ਕੇ ਆ ਰਹੇ ਹਨ ।

‘ਸਾਫ਼ਟ ਦਿਲ ਪ੍ਰੋਡਕਸ਼ਨ ਯੂ ਐਸ ਏ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਕਾਮੇਡੀ ਅਤੇ ਵਿਆਹਾਂ ਵਾਲੇ ਕਲਚਰ ਤੋਂ ਹਟਕੇ ਖੇਤੀਬਾੜੀ ਕਰਦੇ ਸਾਂਝੇ ਪਰਿਵਾਰਾਂ ਦੀ ਇੱਕਜੁਟਤਾ ਅਧਾਰਤ ਇੱਕ ਨਵੇਂ ਵਿਸ਼ੇ ਦੀ ਦਿਲਚਸਪ ਕਹਾਣੀ ਹੈ, ਜਿਸਨੂੰ ਕਰਨ ਸੰਧੂ ਅਤੇ ਧੀਰਜ ਕੁਮਾਰ ਨੇ ਲਿਖਿਆ ਹੈ। ਪੰਜਾਬੀ ਪਰਦੇ ਦੇ ਨਾਮੀਂ ਤੇ ਦਿੱਗਜ਼ ਕਲਾਕਾਰ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ,ਗੁੱਗੂ ਗਿੱਲ, ਹੌਬੀ ਧਾਲੀਵਾਲ, ਸਾਵਨ ਰੂਪਾਵਾਲੀ, ਅਮਨ ਕੌਤਿਸ਼, ਅਨੀਤਾ ਦੇਵਗਨ, ਸਤਵੰਤ ਕੌਰ, ਯਾਦ ਗਰੇਵਾਲ ਆਦਿ ਕਲਾਕਾਰਾਂ ਨੇ ਇਸ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਇਸ ਫਿਲਮ ਦਾ ਨਿਰਦੇਸ਼ਨ ਮਨਭਾਵਨ ਸਿੰਘ ਨੇ ਕੀਤਾ ਹੈ ਜੋ ਪਹਿਲਾਂ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਦੇ ਚਰਚਿਤ ਨਾਵਲ ‘ਗੇਲੋ’ ਅਧਾਰਤ ਫਿਲਮ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਆਪਣੀ ਫਿਲਮ ਬਾਰੇ ਨਿਰਮਾਤਾ ਸ੍ਰੀ ਬਲਜੀਤ ਸਿੰਘ ਜੌਹਲ ਨੇ ਦੱਸਿਆ ਕਿ ਸਾਡੀ ਇਹ ਫਿਲਮ ‘ਜੱਦੀ ਸਰਦਾਰ’ ਪੰਜਾਬ ਦੀ ਪਿੱਠਭੂਮੀ, ਕਲਚਰ ਅਤੇ ਸਮਾਜ ਨਾਲ ਜੁੜੀ ਫ਼ਿਲਮ ਹੈ,ਜਿਸ ਵਿੱਚ ਬਾਰੇ ਹੀ ਕਲਾਕਾਰਾਂ ਨੇ ਬਹੁਤ ਮੇਹਨਤ ਅਤੇ ਲਗਨ ਨਾਲ ਵਧੀਆ ਕੰਮ ਕੀਤਾ ਹੈ। ਫਿਲਮ ਦੀ ਕਹਾਣੀ ਤੇ ਡਾਇਲਾਗ ਬਹੁਤ ਹੀ ਜਬਰਦਸ਼ਤ ਤੇ ਦਮਦਾਰ ਹਨ। ਗੀਤ ਸੰਗੀਤ ਵੀ ਬਹੁਤ ਵਧੀਆ ਤੇ ਕਹਾਣੀ ਮੁਤਾਬਕ ਹੈ ਜੋ ਦਰਸ਼ਕਾਂ ਦੀ ਪਸੰਦ ਬਣੇਗਾ ਅਤੇ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ।