Movie News

ਪੰਜਾਬੀ ਫ਼ਿਲਮ 'ਖਤਰੇ ਦਾ ਘੁੱਗੂ' ਲੈ ਕੇ ਆ ਰਿਹੈ ਨਿਰਦੇਸ਼ਕ 'ਸ਼ਿਵਤਾਰ ਸ਼ਿਵ'

ਪਾਲੀਵੁੱਡ ਪੋਸਟ- ਵਪਾਰਕ ਸਿਨੇਮੇ ਦੀ ਭੀੜ ਵਿੱਚ ਕੁਝ ਵੱਖਰਾ ਕਰਨ ਵਾਲਾ ਨਿਰਦੇਸ਼ਕ ਸ਼ਿਵਤਾਰ ਸ਼ਿਵ ਆਪਣੇ ਕੰਮ ਕਰਕੇ ਹਮੇਸਾਂ ਹੀ ਚਰਚਾ ਵਿੱਚ ਰਿਹਾ ਹੈ। ‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰ ਅਨਮੁੱਲੇ-2′,’ਨਿੱਕਾ ਜ਼ੈਲਦਾਰ-2’, ‘ਧਰਮ ਯੁੱਧ ਮੋਰਚਾ’, ‘ਵਨੰਸ ਅਪੋਨ ਟਾਇਮ ਇੰਨ ਅੰਮ੍ਰਿਤਸਰ’ ਅਤੇ ‘ਸੱਗੀ ਫੁੱਲ’ ਵਰਗੀਆਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਵਾਲਾ ਸਫ਼ਲ ਨਿਰਦੇਸ਼ਕ ਸ਼ਿਵਤਾਰ ਸ਼ਿਵ ਇੰਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ ‘ਖਤਰੇ ਦਾ ਘੁੱਗੂ’ ਨਾਲ ਇੱਕ ਵਾਰ ਫਿਰ ਚਰਚਾ ਵਿੱਚ ਹੈ।
ਸ਼ਿਵਤਾਰ ਸ਼ਿਵ ਦੀ ਗੱਲ ਕਰੀਏ ਤਾਂ ਉਹ ਬਹੁਤ ਮੇਹਨਤੀ ਤੇ ਲਗਨ ਵਾਲਾ ਕਲਾ ਪ੍ਰੇਮੀ ਹੈ।ਉਸਨੇ ਆਪਣੀ ਸ਼ੁਰੂਆਤ ਇੱਕ ਫੋਟੋਗ੍ਰਾਫ਼ਰ ਤੋਂ ਕੀਤੀ ਸੀ ਤੇ ਅੱਜ ਉਹ ਬਤੌਰ ਨਿਰਦੇਸ਼ਕ ਪੰਜਾਬੀ ਫ਼ਿਲਮਾਂ ਲਈ ਸਰਗਰਮ ਹੈ। ਨਾਭਾ ਸ਼ਹਿਰ ਦੇ ਜੰਮ-ਪਲ ਸ਼ਿਵਤਾਰ ਸ਼ਿਵ ਨੇ ਦੱਸਿਆ ਕਿ ਕਲਾ ਨਾਲ ਉਸ ਨੂੰ ਬਚਪਨ ਤੋਂ ਹੀ ਲਗਾਓ ਸੀ ।ਫ਼ਿਲਮ ਤਕਨੀਕ ਦੇ ਖੇਤਰ ਵਿੱਚ ਉਸਨੂੰ ਇਲਾਕੇ ਦਾ ਰੰਗਮੰਚ ਕਲਾਕਾਰ ਕੁਲਵੰਤ ਖੱਟੜਾ ਲੈ ਕੇ ਆਇਆ। ਉਸਨੇ ਪੰਜਾਬੀ ਗਾਇਕਾਂ ਦੇ ਵੀਡਿਓਜ਼ ਬਣਾਉਣ ਤੋਂ ਸ਼ੁਰੂਆਤ ਕੀਤੀ। ਪਰਿਵਾਰ ਵਲੋਂ ਵੀ ਉਸ ਨੂੰ ਇਸ ਖੇਤਰ ਵਿਚ ਆਉਣ ਲਈ ਭਰਪੂਰ ਸਹਿਯੋਗ ਮਿਲਿਆ ਤੇ ਉਹ ਕਿਸਮਤ ਅਜਮਾਉਣ ਲਈ ਬੰਬੇ ਗਿਆ ਜਿੱਥੇ ਕਲਾ ਦੀਆਂ ਬਾਰੀਕੀਆਂ ਦਾ ਗਿਆਨ ਹਾਸਿਲ ਕੀਤਾ। ਹਿੰਦੀ ਫ਼ਿਲਮ ‘ਕਿਸਮਤ’ ਨਾਲ ਆਪਣੇ ਕਲਾ ਸਫ਼ਰ ਦਾ ਆਗਾਜ਼ ਕਰਨ ਵਾਲੇ ਸ਼ਿਵਤਾਰ ਸ਼ਿਵ ਨੇ ਫ਼ਿਲਮਾਂ ਦੇ ਨਾਲ ਨਾਲ ਹਿੰਦੀ ,ਪੰਜਾਬੀ ਦੇ ਅਨੇਕਾਂ ਚੈਨਲਾਂ ਤੋਂ ਚੱਲਦੇ ਨਾਮੀ ਸੀਰੀਅਲਾਂ ਲਈ ਬਤੌਰ ਅਸਿਸਟੈਂਟ ਕੰਮ ਕੀਤਾ।ਜਿੰਨ੍ਹਾ ਵਿਚ ‘ਇੰਡੀਆਂ ਮੋਸਟ ਵਾਟੇਂਡ’, ‘ਅਗਨੀ’,’ਸੰਘਰਸ਼’, ‘ਕੇ ਸਟਰੀਟ ਪਾਲੀ’, ‘ਕਹਿਤਾ ਹੈ ਦਿਲ’, ‘ਕੁਛ ਇਸ ਤਰ੍ਹਾਂ’, ‘ਦਾਣੇ ਅਨਾਰ ਕੇ’, ‘ਸਿਰਨਾਵਾਂ’, ‘ਤੂਤਾਂ ਵਾਲਾ ਖੂਹ’, ‘ਆਪਨੇ ਬਿਗਾਨੇ’,’ਦੋ ਅਕਾਲਗੜ੍ਹ’, ‘ਚੰਡੀਗੜ ਕੈਂਪਸ’, ‘ਸੌਦੇ ਦਿਲਾਂ ਦੇ’, ਕੌੜਾ ਸੱਚ, ‘ਯੰਗ ਪੰਜਾਬੀ ਸਟਾਰ’, ‘ਗੇੜੀ ਪੰਜਾਬ ਦੀ’ ਆਦਿ ਚਰਚਿਤ ਲੜੀਵਾਰ ਸੀ।ਲੜੀਵਾਰਾਂ ਤੋਂ ਇਲਾਵਾਂ ਸ਼ਿਵਤਾਰ ਸ਼ਿਵ ਨੇ ਪੰਜਾਬੀ ਗਾਇਕਾਂ ਦੇ ਵੀਡਿਓਜ਼ ਲਈ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਚਰਚਿਤ ਲਘੂ ਫ਼ਿਲਮਾਂ ‘ਬਰਫ਼’, ‘ਵੰਡ’ ਅਤੇ ‘ਵਾਰੀ’ ਵੀ ਕੀਤੀਆਂ। ਫ਼ਿਲਮ ਨਿਰਦੇਸ਼ਨ ਬਾਰੇ ਸ਼ਿਵਤਾਰ ਸ਼ਿਵ ਦਾ ਕਹਿਣਾ ਹੈ ਕਿ ਕੈਮਰਾਮੈਨ ਤੇ ਨਿਰਦੇਸ਼ਨ ਦਾ ਕੰਮ ਆਪਸ ਵਿੱਚ ਜੁੜਿਆ ਹੋਇਆ ਹੁੰਦਾ ਹੈ।ਲੰਮੇ ਸਮੇਂ ਦੇ ਤਜੱਰਬੇ ਤੋਂ ਬਾਅਦ ਹੀ ਇੱਧਰ ਕਦਮ ਵਧਾਇਆ ਹੈ ਅਤੇ ਹੁਣ ਆਗਾਮੀ 17 ਜਨਵਰੀ ਨੂੰ ਆਪਣੀ ਨਵੀਂ ਪੰਜਾਬੀ ਫ਼ਿਲਮ ‘ਖਤਰੇ ਦਾ ਘੁੱਗੂ’ ਨੂੰ ਲੈ ਕੇ ਆ ਰਿਹਾ ਹੈ।ਅਨੰਤਾ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ ਅਤੇ ਸਹਿ ਨਿਰਦੇਸ਼ਕ ਅਮਨ ਚੀਮਾ ਦੀ ਇਹ ਫਿਲਮ ਅੱਜ ਦੇ ਸਮੇਂ ਦੀ ਕਹਾਣੀ ਅਧਾਰਤ ਹੈ ਜੋ ਰੁਮਾਂਟਿਕਤਾ ਅਤੇ ਕਾਮੇਡੀ ਭਰਪੂਰ ਹੈ।ਇਸ ਫਿਲਮ ਵਿੱਚ ਜੌਰਡਨ ਸੰਧੂ ਤੇ ਦਿਲਜੋਤ ਦੀ ਮੁੱਖ ਜੋੜੀ ਤੋਂ ਇਲਾਵਾ ਬੀ ਐਨ ਸ਼ਰਮਾ, ਅਨੀਤਾ ਸਬਦੀਸ਼ ,ਪ੍ਰਕਾਸ਼ ਗਾਧੂ, ਸੁਤਿੰਦਰ ਕੌਰ,ਨੀਟੂ ਪੰਧੇਰ,ਰਾਜ ਧਾਲੀਵਾਲ, ਸਮਿੰਦਰ ਵਿੱਕੀ, ਜਸ਼ਨਜੀਤ ਗੋਸਾ,ਬਸ਼ੀਰ ਅਲੀ, ਕਾਕਾ ਕੌਤਕੀ, ਰਾਜਵਿੰਦਰ ਸਮਰਾਲਾ,ਰੂਬੀ ਅਟਵਾਲ, ਸੰਜੂ ਸੰਲੌਕੀ, ਦਿਲਾਵਰ ਸਿੱਧੂ, ਵਿਜੇ ਟੰਡਨ ਤੇ ਰਵਿੰਦਰ ਮੰਡ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।ਫਿਲਮ ਦੀ ਕਹਾਣੀ ਤੇ ਡਾਇਲਾਗ ਰਵਿੰਦਰ ਮੰਡ ਨੇ ਲਿਖੇ ਹਨ । ਇਹ ਫਿਲਮ 17 ਜਨਵਰੀ 2020 ਨੂੰ ਓਮ ਜੀ ਸਟਾਰ ਸਟੂਡੀਓ ਵਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ।