ArticlesMovie News

ਪੰਜਾਬੀ ਸਿਨੇਮੇ ਦਾ ਮਜਬੂਤ ਥੰਮ੍ਹ 'ਸਰਦਾਰ ਸੋਹੀ'

ਪਾਲੀਵੁੱਡ ਪੋਸਟ- ਸਰਦਾਰ ਸੋਹੀ ਪੰਜਾਬੀ ਸਿਨੇਮੇ ਦਾ ਇੱਕ ਮਜਬੂਤ ਥੰਮ੍ਹ ਹੈ ਜਿਸ ਦੀ ਦਮਦਾਰ ਅਦਾਕਾਰੀ ਤੇ ਡਾਇਲਾਗ ਅੰਦਾਜ਼ ਤੋਂ ਕਲਾ ਦਾ ਹਰੇਕ ਕਦਰਦਾਨ ਭਲੀ ਭਾਂਤ ਵਾਕਿਫ਼ ਹੈ। ਉਸਦੀ ਕਲਾ ਦਾ ਸਫ਼ਰ ਬਹੁਤ ਲੰਮਾ ਹੈ। ਸੱਚੀ ਗੱਲ ਕਿ ਉਸਨੇ ਆਪਣੀ ਸਾਰੀ ਹੀ ਜ਼ਿੰਦਗੀ ਰੰਗਮਚ ਤੇ ਫ਼ਿਲਮਾਂ ਨੂੰ ਸਮੱਰਪਤ ਕੀਤੀ ਹੋਈ ਹੈ। ਉਸਨੇ ਪੰਜਾਬੀ ਸਿਨਮੇ ਦੀਆਂ ਧੁੱਪਾਂ-ਛਾਵਾਂ ਨੂੰ ਆਪਣੇ ਪਿੰਡੇਂ ਹੰਢਾਇਆ ਹੈ।
ਸਰਦਾਰ ਸੋਹੀ ਨੇ ਦੱਸਿਆ ਕਿ ਕਲਾ ਰੂਪੀ ਜਾਗ ਉਸਨੂੰ ਨਿਆਣੀ ਉਮਰੇ ਹੀ ਲੱਗਿਆ। ਉਸਦਾ ਪਿੰਡ ਟਿੱਬਾ( ਨਾਨਕਾ ਪਿੰਡ) ਕਾਮਰੇਡਾ ਦਾ ਪਿੰਡ ਰਿਹਾ ਹੈ। ਲੋਕ ਲਹਿਰ ਦੇ ਸਿਰਕੱਢ ਬੁਲਾਰਿਆ, ਸੰਗੀਤਕ ਕਾਮਰੇਡੀ ਡਰਾਮੇ ਕਰਨ ਵਾਲਿਆਂ ਦਾ ਇੱਥੇ ਬਹੁਤ ਆਉਣਾ ਜਾਣਾ ਸੀ। ਜਲਾਲਦੀਵਾਲ ਵਾਲਾ ਦਲੀਪ ਸਿੰਘ ਮਸਤ ਬਹੁਤ ਕਹਿੰਦਾ-ਕਹਾਉਂਦਾ ਕਾਮਰੇਡ ਬੁਲਾਰਾ ਸੀ, ਜੋ ਅਕਸਰ ਹੀ ਮੇਰੇ ਨਾਨਾ ਜੀ ਕੋਲ ਆਉਂਦਾ ਸੀ। ‘ਬਾਹਰਲੇ ਘਰ’ ਵੱਜਦੀਆਂ ਤੂੰਬੀ-ਢੋਲਕੀਆਂ ਵਾਲੇ ਮਾਹੌਲ ਨੇ ਮੈਨੂੰ ਵੀ ਪ੍ਰਭਾਵਤ ਕੀਤਾ। ਇਸੇ ਪ੍ਰਭਾਵ ਸਦਕਾ ਮੈਂ ਸਕੂਲ ਵਿੱਚ ਗਾਉਣ ਲੱਗਿਆ। ਸ਼ਨੀਵਾਰ ਦੀ ਸਭਾ ਵਿੱਚ ਮੈਂ ‘ਚਾਹ ਦੇ ਨਸ਼ੇ ‘ ਬਾਰੇ ਗੀਤ ਗਾਉਂਦਾ ਹੁੰਦਾ । ਉਦੋਂ ਇਹ ਆਮ ਚਰਚਾ ਸੀ ਕਿ ਅੰਗਰੇਜ਼ ਲੋਕ ਜਾਣ ਲੱਗੇ ਦੁੱਧ ਲੱਸੀਆ ਪੀਣ ਵਾਲੇ ਪੰਜਾਬੀਆਂ ਨੂੰ ਚਾਹ ਦੇ ਅਮਲ ‘ਤੇ ਲਾ ਗਏ। ਮੇਰੇ ਇਸ ਗੀਤ ਨੂੰ ਬਹੁਤ ਪਸੰਦ ਕਰਦੇ।
ਸਕੂਲ ਕਾਲਜ ਵਿੱਚ ਪੜ੍ਹਦਿਆਂ ਸੋਹੀ ਨੂੰ ਫ਼ਿਲਮਾਂ ਵੇਖਣ ਦਾ ਸ਼ੌਂਕ ਪੈ ਗਿਆ ਜਿਸ ਨਾਲ ਉਸ ਅੰਦਰਲਾ ਕਲਾਕਾਰ ਅੰਗੜਾਈਆਂ ਲੈਣ ਲੱਗਿਆ ਤੇ ਇਹੀ ਅੰਗੜਾਈ ਉਸਨੂੰ ਮੁੰਬਈ ਲੈ ਗਈ ਪਰ ਉਸ ਅੰਦਰਲਾ ਕਲਾਕਾਰ ਅਜੇ ਕੱਚਾ ਸੀ। ਉਸਤਾਦ ਗੁਰੂ ਦਾ ਜਾਗ ਨਹੀਂ ਸੀ ਲੱਗਿਆ ਇਸ ਕਰਕੇ ਉਹ ਕੁਝ ਮਹੀਨੇ ਖੱਜਲ-ਖੁਆਰ ਹੋ ਕੇ ਪਿੰਡ ਮੁੜ ਆਇਆ ਤੇ ਹਲ ਦਾ ‘ਮੁੰਨਾ’ ਫੜ੍ਹ ਬਾਪੂ ਨਾਲ ਖੇਤ ਦੀਆਂ ਵੱਟਾਂ ਮਿੱਧਣ ਲੱਗਿਆ। ਬਾਪੂ ਨੇ ਉਸਦਾ ਉਦਾਸ ਚਿਹਰਾ ਪੜ੍ਹ ਲਿਆ ਤੇ ਕਿਹਾ,’ਜੇ ਤੇਰਾ ਮਨ ਐਕਟਰ ਬਣਨਾਂ ਹੀ ਹੈ ਤਾਂ ਜਾਹ, ਆਪਣੀ ਮੰਜਲ ਲੱਭ ਲੈ, ਪਰ ਕੁਝ ਬਣਕੇ ਮੁੜੀ’। ਆਪਣੀ ਮੰਜਲ ਦੀ ਤਲਾਸ਼ ਵਿੱਚ ਤਰਦੇ-ਫਿਰਦੇ ਸੋਹੀ ਨੂੰ ਉਸਦੇ ਇੱਕ ਖਾਸ ਮਿੱਤਰ ਨੇ ਹਰਪਾਲ ਟਿਵਾਣਾ ਦੇ ‘ਦਰ ਦਾ ਕੁੰਡਾ ਖੜਕਾਉਣ ਦੀ ਸਲਾਹ ਦਿੱਤੀ। ਕਰੜੇ ਇਮਤਿਹਾਨਾਂ ਵਿਚੋਂ ਲੰਘਦਿਆਂ, ‘ਜੀ ਹਜ਼ੂਰੀ’ ਕਰਦਿਆਂ ਸੋਹੀ ਆਪਣੀ ਮੰਜਲ ਵੱਲ ਵੱਧਣ ਲੱਗਿਆ। ‘ਹਿੰਦ ਦੀ ਚਾਦਰ,ਚਮਕੌਰ ਦੀ ਗੜ੍ਹੀ, ਰਮਾਇਣ,ਦੀਵਾ ਬਲੇ ਸਾਰੀ ਰਾਤ, ਲੌਂਗ ਦਾ ਲਿਸ਼ਕਾਰਾ,ਮੇਲਾ ਮੁੰਡੇ ਕੁੜੀਆਂ ਦਾ,ਮੱਸਿਆ ਦੀ ਰਾਤ, ਚੰਡੀਗੜ੍ਹ ਮੁਸੀਬਤਾਂ ਦਾ ਘਰ, ਲੋਹਾ ਕੁੱਟ ਆਦਿ ਨਾਟਕਾਂ ਵਿੱਚ ਵੱਖ ਵੱਖ ਕਿਰਦਾਰ ਖੇਡੇ। ਸਰਦਾਰ ਸੋਹੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸੁਰੂਆਤ ਵੀ ਹਰਪਾਲ ਟਿਵਾਣਾ ਦੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ ‘ (1983) ਤੋਂ ਕੀਤੀ। ਉਸਦੀ ਦੂਜੀ ਫ਼ਿਲਮ ‘ਦੀਵਾ ਬਲੇ ਸਾਰੀ ਰਾਤ’ ਨੇ ਸਰਦਾਰ ਸੋਹੀ ਨੂੰ ਮੁੰਬਈ ਪੁਜਾ ਦਿੱਤਾ ਜਿੱਥੋ ਕਦੇ ਉਹ ਨਿਰਾਸ਼ ਹੋ ਕੇ ਪਰਤਿਆ ਸੀ। ਗੁਲਜ਼ਾਰ ਸਾਹਿਬ ਦੇ ਨਾਟਕ ‘ਮਿਰਜਾ ਗਾਲਿਬ’ ਸਮੇਤ ਕਈ ਚਰਚਿਤ ਲੜੀਵਾਰਾਂ ਵਿੱਚ ਕੰਮ ਕਰਨ ਦੇ ਇਲਾਵਾ ਹਿੰਦੀ ਫ਼ਿਲਮਾਂ ‘ਵਾਰਿਸ’ ਵਿਜੈ ਸ਼ਕਤੀ, ਐਲਾਨ, ਪਿਆਸੀ ਨਿਗਾਹੇ,ਦਿਵਿਆ ਸ਼ਕਤੀ, ਸਹੀਦ ਭਗਤ ਸਿੰਘ, ਹਵਾਏ, ਕਾਫ਼ਲਾ ਫ਼ਿਲਮਾਂ ਕੀਤੀਆ। ਪੰਜਾਬੀ ਫ਼ਿਲਮਾਂ ਵਿੱਚ ਚੰਗਾ ਕੰਮ ਨਾ ਹੋਣ ਕਰਕੇ ਉਹ ਕਈ ਸਾਲ ਪੰਜਾਬੀ ਫ਼ਿਲਮਾਂ ਤੋਂ ਦੂਰ ਹੀ ਰਿਹਾ।1997 ਵਿੱਚ ਆਈ ਪੰਜਾਬੀ ਫ਼ਿਲਮ ‘ਮੇਲਾ’ ਨਾਲ ਉਹ ਪੰਜਾਬੀ ਫ਼ਿਲਮਾਂ ਲਈ ਮੁੜ ਸਰਗਰਮ ਹੋਇਆ। ਫਿਰ ਸੁਖਮੰਦਰ ਧੰਜਲ ਦੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਬਾਗੀ’ ਵਿੱਚ ਉਸਦੀ ਅਦਾਕਾਰੀ ਪੂਰੇ ਜਲੌਅ ‘ਤੇ ਰਹੀ। ਫਿਰ ‘ਖੇਲ ਤਕਦੀਰਾਂ ਦੇ , ਲੱਗਦਾ ਇਸ਼ਕ ਹੋ ਗਿਆ, ਜੀਂਹਨੇ ਮੇਰਾ ਦਿਲ ਲੁੱਟਿਆ, ਜੱਟ ਜੇਮਸ਼ ਬਾਂਡ,ਕੈਰੀ ਆਨ ਜੱਟਾ, ਸਾਬ ਬਹਾਦਰ, ਦੁੱਲਾ ਭੱਟੀ,ਨਿੱਕਾ ਜੈਲਦਾਰ-2, ਸੁਬੇਦਾਰ ਜੋਗਿੰਦਰ ਸਿੰਘ, ਕੌਮ ਦੇ ਹੀਰੇ, ਮੋਟਰ ਮਿੱਤਰਾਂ ਦੀ,ਬਲੱਡ ਸਟਰੀਟ, ਆਦਿ ਦਰਜਨਾਂ ਚਰਚਿਤ ਪੰਜਾਬੀ ਫ਼ਿਲਮਾਂ ਵਿੱਚ ਯਾਦਗਰੀ ਕਿਰਦਾਰ ਨਿਭਾਏ। ਇੰਨੀਂ ਦਿਨੀਂ ਰਿਲੀਜ਼ ਹੋਣ ਵਾਲੀ ਫ਼ਿਲਮ ‘ਨਾਨਕਾ ਮੇਲ’ਦੀ ਗੱਲ ਕਰੀਏ ਤਾਂ ਇਹ ਫ਼ਿਲਮ ਪੰਜਾਬ ਦੇ ਕਲਚਰ ਅਤੇ ਸਮਾਜਿਕ ਪਰਿਵਾਰਕ ਰਿਸ਼ਤਿਆਂ ਦੀ ਕਹਾਣੀ ਹੈ ਜੋ ਪਰਿਵਾਰਕ ਸਾਂਝਾਂ ਨੂੰ ਮਜਬੂਤ ਕਰਨ ਵਾਲੀ ਪੰਜਾਬ ਦੇ ਪੁਰਾਤਨ ਕਲਚਰ ਰੀਤੀ ਰਿਵਾਜ਼ਾਂ ਦੀ ਬੇਹਤਰੀਨ ਪੇਸ਼ਕਾਰੀ ਹੋਵੇਗੀ।ਇਸ ਫ਼ਿਲਮ ਦੀ ਕਹਾਣੀ ਪ੍ਰਿੰਸ਼ ਕੰਵਲਜੀਤ ਸਿੰਘ ਨੇ ਲਿਖੀ ਹੈ। ਇਸ ਵਿੱਚ ਸਰਦਾਰ ਸੋਹੀ ਨੇ ਨਾਨਕੇ ਪਰਿਵਾਰ ਦੇ ਮੁਖੀ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਦਰਸ਼ਕ ਉਸਦੀ ਤੇ ਹੌਬੀ ਧਾਲੀਵਾਲ ਦੀ ਫਿਲਮੀ ਤਕਰਾਰ ਤੇ ਸੰਵਾਦ ਰਚਨਾ ਤੋਂ ਬੇਹੱਦ ਪ੍ਰਭਾਵਤ ਹੋਣਗੇ।
ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ ਅਤੇ ਰੂਬੀਨਾ ਬਾਜਵਾ ਦੀ ਜੋੜੀ ਰੁਮਾਂਟਿਕ ਤੋਂ ਇਲਾਵਾ ਸਰਦਾਰ ਸੋਹੀ,ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਸੁਨੀਤਾ ਧੀਰ, ਮਹਾਂਵੀਰ ਭੁੱਲਰ, ਗੁਰਮੀਤ ਸਾਜਨ,ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਮੋਹਨੀ ਤੂਰ, ਸੁਖਵਿੰਦਰ ਚਹਿਲ, ਹਰਦੀਪ ਗਿੱਲ, ਪ੍ਰਿੰਸ਼ ਕੇ ਜੇ ਸਿੰਘ ਵਿਜੇ ਟੰਡਨ, ਸਿਮਰਨ ਸਹਿਜਪਾਲ, ਹਰਿੰਦਰ ਭੁੱਲਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਅਤੇ ਪ੍ਰਿੰਸ਼ ਕੇ ਜੇ ਸਿੰਘ ਨੇ ਦਿੱਤਾ ਹੈ। ਸਰਦਾਰ ਸੋਹੀ ਦਾ ਕਹਿਣਾ ਹੈ ਕਿ ਚਿਰਾਂ ਬਾਅਦ ਇਸ ਫ਼ਿਲਮ ‘ਨਾਨਕਾ ਮੇਲ’ ਵਿੱਚ ਇੱਕ ਵਧੀਆ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਇਹ ਵੀ ਉਸਦੀ ਜਿੰਦਗੀ ਦੀ ਇੱਕ ਬੇਹਰੀਨ ਫ਼ਿਲਮ ਹੈ,
ਸਰਦਾਰ ਸੋਹੀ ਦਾ ਸਫ਼ਰ ਜਾਰੀ ਹੈ। ਉਸਨੂੰ ਚੰਗੀ ਅਦਾਕਾਰੀ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਬੇਹਤਰੀਨ ਅਦਾਕਾਰੀ ਬਦਲੇ ਵਿਸ਼ੇਸ ਐਵਾਰਡ ਵੀ ਮਿਲੇ। ਸਿਨਮੇ ਹਾਲ ਵਿੱਚ ਦਰਸ਼ਕਾਂ ਦੀਆਂ ਤਾੜੀਆਂ, ਸੀਟੀਆਂ ਉਸਦੇ ਅਸਲ ਐਵਾਰਡ ਹੁੰਦੇ ਹਨ। ਭਵਿੱਖ ਵਿੱਚ ਵੀ ਸਰਦਾਰ ਸੋਹੀ ਦੀ ਸਰਦਾਰੀ ਕਾਇਮ ਹੈ। ਦਰਸ਼ਕ ਕਈ ਫ਼ਿਲਮਾਂ ਵਿੱਚ ਉਸਦੀ ਅਦਾਕਾਰੀ ਦੇ ਵੱਖ ਵੱਖ ਰੰਗਾਂ ਦਾ ਆਨੰਦ ਮਾਨਣਗੇ

Leave a Reply