Movie News

ਪੰਜਾਬੀ ਫਿਲਮ 'ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ' ਨਾਲ ਨਵੀਆਂ ਪੈੜ੍ਹਾਂ ਪਾਵੇਗਾ 'ਸਾਗਰ ਐੱਸ ਸ਼ਰਮਾ'

ਪਾਲੀਵੁੱਡ ਪੋਸਟ- ਵਪਾਰਕ ਸਿਨੇਮੇ ਦੀ ਭੀੜ ਵਿੱਚ ਕੁਝ ਵੱਖਰਾ ਕਰਨ ਵਾਲਾ ਲੇਖਕ ਨਿਰਦੇਸ਼ਕ ਸਾਗਰ ਐੱਸ ਸ਼ਰਮਾ ਆਪਣੇ ਕੰਮ ਕਰਕੇ ਹਮੇਸਾਂ ਹੀ ਚਰਚਾ ਵਿੱਚ ਰਿਹਾ ਹੈ। ਭਾਵੇਂ ਉਸਦੀ ਭੰਗੜਾ ਬੇਸਡ ਫਿਲਮ ‘ਬੁਰਰਾ’ ਹੋਵੇ ਜਾਂ ਫਿਰ ਰੁਮਾਂਟਿਕ ਭਾਵਨਾਵਾਂ ਵਾਲੀ ‘ਜੁਗਨੀ ਯਾਰਾਂ ਦੀ’। ਨੌਜਵਾਨ ਵਰਗ ਨੂੰ ਮੁੱਖ ਰੱਖ ਕੇ ਬਣਾਈਆਂ ਉਸਦੀਆਂ ਫਿਲਮਾਂ ਹਮੇਸ਼ਾਂ ਹੀ ਦਰਸ਼ਕਾਂ ਦੀਆਂ ਪਸੰਦ ਬਣੀਆਂ ਹਨ। ਉਸ ਵਲੋਂ ਨਿਰਦੇਸ਼ਿਤ ਕੀਤੀ ਅਜੋਕੀ ਨੌਜਵਾਨ ਪੀੜ੍ਹੀ ਦੀ ਕਹਾਣੀ ਨੂੰ ਦਰਸ਼ਾਉਂਦੀ ਇੱਕ ਹੋਰ ਨਵੀਂ ਫਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’ ਨਾਲ ਸਾਗਰ ਐੱਸ ਸ਼ਰਮਾ ਇੱਕ ਵਾਰ ਫਿਰ ਚਰਚਾ ਵਿੱਚ ਹੈ।
ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਨਵੀਆਂ ਪੈੜ੍ਹਾਂ ਪਾਉਣ ਵਾਲਾ ਸਾਗਰ ਸ਼ਰਮਾ ਪੰਜਾਬ ਦੇ ਮੋਗਾ ਸ਼ਹਿਰ ਦਾ ਜੰਮਪਲ ਹੈ ਜਿਸਨੇ ਕਈ ਸਾਲ ਬਾਲੀਵੁੱਡ ਵਿੱਚ ਚੰਗੇ ਫ਼ਿਲਮਕਾਰਾਂ ਨਾਲ ਕੰਮ ਕਰਕੇ ਗੂੜਾ ਗਿਆਨ ਹਾਸਿਲ ਕੀਤਾ ਹੈ। ਸਾਗਰ ਸ਼ਰਮਾ ਨੇ ਦੱਸਿਆ ਕਿ ਕਲਾ ਨਾਲ ਉਸਨੂੰ ਬਚਪਨ ਤੋਂ ਹੀ ਮੋਹ ਸੀ, ਜਦ ਉਹ ਸਕੂਲ ਸਮੇਂ ਤੋਂ ਹੀ ਥੀਏਟਰ ਕਰਨ ਲੱਗ ਪਿਆ ਸੀ। ਇਸੇ ਸ਼ੌਂਕ ਨੇ ਉਸਨੂੰ ਮੁੰਬਈ ਨਗਰੀ ਵੱਲ ਜਾਣ ਲਈ ਮਜਬੂਰ ਕੀਤਾ ਜਿੱਥੇ ਗੁੱਡੂ ਧਨੋਆ ਵਰਗੇ ਵੱਡੇ ਫ਼ਿਲਮਸਾਜ਼ਾਂ ਨਾਲ ਬਤੌਰ ਅਸਿਸਟਂੈਟ ਕੰਮ ਕਰਦਿਆਂ ਬਹੁਤ ਕੁਝ ਸਿੱਖਆ। ਇਸੇ ਦੌਰਾਨ ਉਸਨੇ ਦਰਜਨਾਂ ਬਾਲੀਵੁੱਡ ਤੇ ਸਾਊਥ ਦੀਆਂ ਫਿਲਮਾਂ ਕੀਤੀਆ। ਫਿਰ ਬਤੌਰ ਨਿਰਦੇਸ਼ਕ ਉਸਨੇ ਪੰਜਾਬੀ ਫਿਲਮ ‘ਬੁਰਰਾ’ ਤੋਂ ਆਪਣਾ ਕੈਰੀਅਰ ਸੁਰੂ ਕੀਤਾ । ਇਸ ਤੋਂ ਬਾਅਦ ‘ਹੀਰ ਐਂਡ ਹੀਰੋ’ ਵੀ ਕੀਤੀ। ਪੰਜਾਬੀ ਤੋਂ ਇਲਾਵਾ ਉਸਨੇ ਇੱਕ ਸਾਉਥ ਦੀ ਫਿਲਮ ‘ਚਾਸ਼ਨੀ ਵੀ ਕੀਤੀ ਜਿਸ ਦੀ ਅਪਾਰ ਸਫ਼ਤਲਤਾਂ ਨੇ ਉਸਨੂੰ ਇੱਕ ਨਵਾਂ ਮੁਕਾਮ ਦਿੱਤਾ ਤੇ ਸਾਗਰ ਸ਼ਰਮਾ ਸਾਊਥ ਅਤੇ ਬਾਲੀਵੁੱਡ ਫ਼ਿਲਮਾਂ ਵੱਲ ਰੁੱਝਿਆ ਗਿਆ। ਪੰਜਾਬੀ ਸਿਨੇਮੇ ਦਾ ਸਿਤਾਰਾ ਬੁਲੰਦੀਆਂ ‘ਤੇ ਜਾਂਦਾ ਵੇਖ ਸਾਗਰ ਸ਼ਰਮਾ ਵਾਪਸ ਆਪਣੀ ਮਾਂ ਬੋਲੀ ਦੇ ਸਿਨੇਮੇ ਨੂੰ ਸਮੱਰਪਤ ਹੋ ਗਿਆ। ਕੁਝ ਮਹੀਨੇ ਪਹਿਲਾਂ ਹੀ ਉਸਦੀ ਫਿਲਮ ‘ਜੁਗਨੀ ਯਾਰਾਂ ਦੀ’ ਰਿਲੀਜ਼ ਹੋਈ ਹੈ ਤੇ ਹੁਣ ਇਹ ਨਵੀਂ ਫਿਲਮ ਲੈ ਕੇ ਮੁੜ ਹਾਜ਼ਿਰ ਹੋਇਆ ਹੈ। ਸਾਗਰ ਸ਼ਰਮਾ ਨਿਰਦੇਸ਼ਕ ਦੇ ਨਾਲ ਨਾਲ ਇੱਕ ਸੁਲਝਿਆ ਹੋਇਆ ਲੇਖਕ ਵੀ ਹੈ। ਸਮਾਜ ਦਾ ਜੁੰਮੇਵਾਰ ਨਾਗਰਿਕ ਹੋਣ ਕਰਕੇ ਉਹ ਜਿਆਦਾਤਰ ਕਹਾਣੀਆਂ ਆਪਣੀਆ ਆਲੇ ਦੁਆਲੇ ‘ਚੋਂ ਹੀ ਲੱਭਦਾ ਹੈ। ਉਸਦੀ ਸੋਚਣੀ ਹੈ ਕਿ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਿਆ ਨੂੰ ਪਰਦੇ ‘ਤੇ ਲਿਆਉਣਾ ਹੀ ਅਸਲ ਸਿਨੇਮਾ ਹੈ ਮਨਘੜਤ ਕਹਾਣੀ ਸਿਰਫ਼ ਮਨੋਰੰਜਨ ਹੀ ਦਿੰਦੀਆ ਹਨ ਸਮਾਜਕ ਸੇਧ ਨਹੀਂ। ਆਪਣੀ ਨਵੀਂ ਫਿਲਮ ਬਾਰੇ ਉਸਨੇ ਕਿਹਾ ਕਿ ਇਹ ਫਿਲਮ ਅੱਜ ਦੇ ਨੌਜਵਾਨਾਂ ਦੀ ਕਹਾਣੀ ਹੈ। ਫਿਲਮ ਦਾ ਸਿਰਲੇਖ ਭਾਵੇਂ ‘ਹਥਿਆਰਾਂ’ ਨਾਲ ਸਬੰਧਤ ਹੈ ਪਰ ਇਹ ਫਿਲਮ ਹਥਿਆਰਾਂ ਦੇ ਹੱਕ ਵਿੱਚ ਨਹੀਂ ਜਾਂਦੀ ਬਲਕਿ ਹਥਿਆਰਾਂ ਦੇ ਸ਼ੌਂਕ ਰੱਖਣ ਵਾਲੇ ਨੋਜਵਾਨਾਂ ਦੀ ਤਬਾਹੀ ਦੇ ਰਾਹ ਪਈ ਜ਼ਿੰਦਗੀ ਨੂੰ ਬਿਆਨ ਕਰਦੀ ਇਸ ਸ਼ੌਂਕ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੀ ਹੈ ਕਿਉਂਕਿ ‘ਸ਼ੌਂਕ ਤੇ ਸੋਕ’ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਆਪਣੀ ਰੱਖਿਆ ਲਈ ਹਥਿਆਰ ਰੱਖਣਾ ਗ਼ਲਤ ਨਹੀਂ ਹੁੰਦਾ ਹੈ ਪਰ ਇਹ ਹਥਿਆਰ ਘਾਤਕ ਨਾ ਹੋਣ ਜੋ ਤਹਾਡਾ ਭਵਿੱਖ ਹੀ ਤਬਾਹ ਕਰ ਦੇਵੇ। ਫ਼ਿਲਮ ਦੇ ਵਿਸ਼ੇ ਸਬੰਧੀ ਗੱਲ ਕਰਦਿਆਂ ਉਨਾਂ ਕਿਹਾ ਕਿ ਮੇਰੀ ਸੋਚ ਇੱਕ ਚੰਗਾ ਸਿਨੇਮਾ ਦੇਣ ਵਾਲੀ ਹੈ ਜੋ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਿਆ ਨੂੰ ਵੀ ਉਭਾਰੇ। ਇਸ ਫਿਲਮ ਦੀ ਕਹਾਣੀ ਮੈਂ ਕਈ ਨਿਰਮਾਤਾਵਾਂ ਨੂੰ ਸੁਣਾਈ ਪਰ ਉਨਾਂ ਕਾਮੇਡੀ ਫਿਲਮਾਂ ਦੇ ਦੌਰ ਵਿੱਚ ਐਕਸ਼ਨ ਫਿਲਮ ਬਣਾਉਣਾ ਇੱਕ ਵੱਡਾ ‘ਰਿਸਕ’ ਸਮਝਿਆਂ। ਅਖੀਰ ਜਦ ਕਿਸੇ ਨਿਰਮਾਤਾ ਨੇ ਹਾਮੀ ਨਾ ਭਰੀ ਜਦ ਮੈਨੂੰ ਨਿਰਮਾਤਾ ‘ਮੁੰਨਾ ਸ਼ੁਕਲ, ਜੈਅੱਸ ਪਟੇਲ, ਸਿਖ਼ਾ ਸ਼ਰਮਾ, ਅਤੇ ਸੰਜੀਵ ਸੈਣੀ ਨੇ ਹੌਸਲਾ ਦਿੱਤਾ ਤਾਂ ਮੈਂ ਇਹ ਫਿਲਮ ਬਣਾਉਣ ਦਾ ਫੈਸਲਾ ਲਿਆ ਤਾਂ ਜੋ ਮੈਂ ਆਪਣੇ ਸਮਾਜ ਦੇ ਲੋਕਾਂ ਗੱਲ ਸਿਨੇਮੇ ਰਾਹੀਂ ਦੂਰ ਤੱਕ ਪਹੁੰਚਾ ਸਕਾ।
੮ ਨਵੰਬਰ ਨੂੰ ਰਿਲੀਜ਼ ਹੋ ਰਹੀ ‘ਸ਼ੁਕਲ ਸ਼ੋਅਵਿੱਜ ਤੇ ਯੂ ਬੀ ਮੋਸ਼ਨ ਪਿਕਚਰਜ਼ ਬੈਨਰ ਦੀ ਅਜੋਕੀ ਨੌਜਵਾਨ ਪੀੜੀ ਦੀ ਕਹਾਣੀ ਦਰਸ਼ਾਉਂਦੀ ਇਸ ਫਿਲਮ ਵਿੱਚ ਦੀਪ ਜ਼ੋਸੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ, ਕੁਮਾਰ ਅਜੇ,ਜਤਿਨ, ਮੋਹਿਤ ਭਾਸ਼ਕਰ, ਕੀਤਿਕਾ ਸਤਵੰਤ ਕੌਰ,ਗੋਲਡੀ ਖੁਰਾਣਾ, ਬਲਕਰਨ, ਅਤੇ ਪੂਨਮ ਸੂਦ ਇਸ ਫਿਲਮ ਦੇ ਅਹਿਮ ਕਲਾਕਾਰ ਹਨ। ਫਿਲਮ ਦੀ ਕਹਾਣੀ ਕੁਮਾਰ ਅਜੇ ਨੇ ਲਿਖੀ ਹੈ ਤੇ ਸੰਗੀਤ ਜੱਗੀ ਸਿੰਘ, ਤਰੁਣ ਰਿਸ਼ੀ ਤੇ ਗੁਰਮੀਤ ਸਿੰਘ ਨੇ ਦਿੱਤਾ ਹੈ। ਫਿਲਮ ਦੇ ਕਿਰਦਾਰਾਂ ਬਾਰੇ ਗੱਲ ਕਰਦਿਆਂ ਸਾਗਰ ਸ਼ਰਮਾ ਨੇ ਕਿਹਾ ਇਸ ਫਿਲਮ ਵਿੱਚ ਮੇਰੇ ਸਾਰੇ ਹੀ ਐਕਟਰਾਂ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਸਾਰੇ ਹੀ ਵਧੀਆ ਹਨ ਪਰ ਇਹ ਕਿੰਨੇ ਕੁ ਵਧੀਆ ਹਨ ? ਇਹ ਦਰਸ਼ਕ ਆਪ ਸਿਨੇਮਿਆ ਘਰਾਂ ਵਿੱਚ 8 ਨਵੰਬਰ ਨੂੰ ਜਾ ਕੇ ਵੇਖਣਗੇ। ਹਰੇਕ ਅਦਾਕਾਰ ਨੇ ਆਪਣੇ ਕਿਰਦਾਰ ਨੂੰ ਬਹੁਤ ਹੀ ਸਿੱਦਤ ਨਾਲ ਨਿਭਾਇਆ ਹੈ, ਜੋ ਫਿਲਮ ਦੀ ਜਿੰਦ ਜਾਨ ਬਣੇ ਹਨ। ਸਾਨੂੰ ਆਸ ਹੈ ਕਿ ਚੰਗਾ ਸਿਨੇਮਾ ਵੇਖਣ ਵਾਲੇ ਦਰਸ਼ਕਾਂ ਦੀ ਪਸੰਦ ‘ਤੇ ਇਹ ਫ਼ਿਲਮ ਖਰੀ ਉੱਤਰੇਗੀ।