Articles

ਪੰਜਾਬੀ ਫਿਲਮ ਐਂਡ ਟੀ.ਵੀ ਆਰਟਿਸਟ ਐਸ਼ੋਸ਼ੀਏਸ਼ਨ ਨੇ ਆਪਣਾ ਸਥਾਪਨਾ ਦਿਵਸ ਮਨਾਇਆ

ਪੰਜਾਬੀ
ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਹਰ ਯਤਨ ਕਰੇਗੀ- ਕਰਮਜੀਤ ਅਨਮੋਲ

ਚੰਡੀਗੜ੍ਹ 24 ਅਗਸਤ (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਫਿਲਮ ਐਂਡ ਟੀ.ਵੀ ਆਰਟਿਸਟ ਐਸ਼ੋਸ਼ੀਏਸ਼ਨ ਦੇ ਕਲਾਕਾਰਾਂ ਨੇ ਅੱਜ ਆਪਣੇ ਦਫ਼ਤਰ ਮੋਹਾਲੀ ਵਿਖੇ ਸੰਸਥਾ ਦਾ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਕਰਮਜੀਤ ਅਨਮੋਲ ਨੇ ਕਿਹਾ ਕਿ ਸੰਸਥਾ ਆਪਣੇ ਪਿਛਲੇ ਸ਼ਾਨਮੱਤੇ ਇਤਿਹਾਸ ਤੇ ਝਾਤ ਮਾਰਦੀ ਹੋਈ ਪੰਜਾਬੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਦੇ ਹਰ ਯਤਨ ਕਰੇਗੀ  ਤਾਂ ਕਿ ਸਾਡੀ ਮਾਂ ਬੋਲੀ ਦਾ ਸਿਨੇਮਾ ਹੋਰ ਵੱਡਾ ਹੋ ਸਕੇ।ਸੰਸਥਾ ਦੇ ਬਾਨੀਆਂ ਵਿਚੋਂ ਅਦਾਕਾਰ ਸ਼ਵਿੰਦਰ ਮਾਹਲ ਨੇ ਕਿਹਾ ਕਿ ਪਫ਼ਟਾ ਸੀਨੀਅਰ ਕਲਾਕਾਰਾਂ ਅਤੇ  ਨਵੇਂ ਕਲਾਕਾਰਾਂ ਵਿੱਚ ਇਕ ਕੜੀ ਦਾ ਕੰਮ ਕਰਦੀ ਹੋਈ ਅੱਗੇ ਵੱਧਦੀ ਹੈ।ਭਾਰਤ ਭੂਸ਼ਣ ਵਰਮਾ ਸੰਸਥਾ ਦੇ ਬਾਨੀ ਨੇ ਸੰਸਥਾ ਦੇ ਮੁੱਢਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਦੇ ਹਾਲਾਤਾਂ ਤੇ ਚਾਨਣਾ ਪਾਇਆ ਅਤੇ  ਆਪਣੀ ਪ੍ਰਤੀਬੱਧਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਹਮੇਸ਼ਾਂ ਸੰਸਥਾ ਨੂੰ ਆਪਣੀਆਂ ਸੇਵਾਵਾਂ ਦਿੰਦੇ ਰਹਾਂਗੇ।ਉੱਘੇ ਅਦਾਕਾਰ ਅਤੇ ਨਿਰਮਾਤਾ ਨਿਰਦੇਸ਼ਕ ਰਤਨ ਔਲਖ ਨੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ  ਤਨਦੇਹੀ ਨਾਲ ਕੰਮ ਕਰਦੀ ਹੋਈ ਨਵੀਆਂ ਮੰਜ਼ਿਲਾਂ ਸਰ ਕਰੇਗੀ। ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਜਰਨਲ ਸਕੱਤਰ ਮਲਕੀਤ ਰੌਣੀ ਨੇ ਦੱਸਿਆ ਕਿ ਅਦਾਕਾਰ ਬਲਕਾਰ ਸਿੱਧੂ ਅਤੇ ਸਵਰਾਜ ਸਿੰਘ ਸੰਧੂ ਨੇ ਸੰਸਥਾ ਲਈ ਕੁਝ ਨਵੇਂ ਸੁਝਾਵਾਂ ਦੀ ਪੇਸ਼ਕਸ਼ ਵੀ ਰੱਖੀ।ਕਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਅਤੇ ਦਿਲਾਵਰ ਸਿੱਧੂ ਨੇ ਸੰਸਥਾ ਦੇ ਅਗਲੇ ਕਾਰਜਾਂ ਲਈ ਫੰਡ  ਜੁਟਾਉਣ ਤੇ ਜ਼ੋਰ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ.ਰਣਜੀਤ ਸ਼ਰਮਾ, ਪਰਮਜੀਤ ਭੰਗੂ, ਮੋਹਿਤ ਬਨਵੈਤ, ਪਰਮਵੀਰ ਸਿੰਘ, ਅਮਨ ਜੌਹਲ ਅਤੇ ਜੱਸ ਸੈਂਪਲਾਂ ਆਦਿ ਵੀ ਮੌਜੂਦ ਰਹੇ।