ਪਾਲੀਵੁੱਡ ਪੋਸਟ– ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਅਤੇ ‘ਹੇਅਰ ਓਮ ਜੀ ਸਟੂਡਿਓਜ਼’ ਦੇ ਸਾਂਝੇ ਬੈਨਰ ਦੀ ਪੰਜਾਬੀ ਫ਼ਿਲਮ ‘ਭੱਜੋ ਵੀਰੋ ਵੇ’ ਕੱਲ ਯਾਨੀ ਕਿ 15 ਦਸੰਬਰ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ।ਨਿਰਮਾਤਾ ਕਾਰਜ ਗਿੱਲ ਅਤੇ ਤਲਵਿੰਦਰ ਹੇਅਰ ਵੱਲੋਂ ਪ੍ਰੋਡਿਊਸ ਇਸ ਫ਼ਿਲਮ ਵਿਚ ਬਤੌਰ ਹੀਰੋ ਦੀ ਭੂਮਿਕਾ ‘ਚ ਅੰਬਰਦੀਪ ਸਿੰਘ ਅਤੇ ਅਦਾਕਾਰਾ ਸਿੰਮੀ ਚਾਹਲ ਨਜ਼ਰ ਆਉਣਗੇ।
ਅਜੌਕੀਆਂ ਫ਼ਿਲਮਾਂ ਤੋਂ ਹਰ ਪੱਖ ਤੋਂ ਵੱਖਰੀ ਇਸ ਫ਼ਿਲਮ ਦੀ ਕਹਾਣੀ ਵੀ ਖ਼ੁਦ ਅੰਬਰ ਦੀਪ ਨੇ ਲਿਖੀ ਹੈ ਜੋ ਕਿ 1960 ਦੇ ਦਹਾਕੇ ਦੇ ਛੜਿਆਂ ਦੀ ਜਿੰਦਗੀ ਤੇ ਝਾਤ ਪਾਉਂਦੀ ਹੈ ਕਿ ਪਹਿਲੇ ਵੇਲਿਆਂ ਵਿੱਚ ਅਕਸਰ ਹੀ ਬਹੁਤੇ ਸਾਂਝੇ ਪਰਿਵਾਰਾਂ ਵਿੱਚ ਇੱਕ ਬੰਦੇ ਦਾ ਹੀ ਵਿਆਹ ਹੁੰਦਾ ਸੀ ਤੇ ਬਾਕੀ ਛੜੇ ਹੁੰਦੇ ਸੀ। ਛੜੇ ਬੰਦੇ ਦੀ ਜ਼ਿੰਦਗੀ ‘ਚ ਤੀਂਵੀ ਦੀ ਕੀ ਅਹਿਮੀਅਤ ਹੁੰਦੀ ਸੀ ਇਹੋ ਫ਼ਿਲਮ ਦਾ ਮੁੱਖ ਵਿਸ਼ਾ ਹੈ ਜਿਸਨੂੰ ਕਾਮੇਡੀ ਦਾ ਤੜਕਾ ਲਗਾ ਕੇ ਮਨੋਰੰਜਨ ਭਰਪੂਰ ਬਣਾਇਆ ਗਿਆ ਹੈ। ਫ਼ਿਲਮ ਵਿੱਚ ਰੁਮਾਂਸ , ਭਾਵੁਕਤਾ ਅਤੇ ਕਾਮੇਡੀ ਵੀ ਹੈ।
ਅੰਬਰਦੀਪ ਵੱਲੋਂ ਖ਼ੁਦ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਵਿੱਚ ਪੰਜਾਬੀ ਸਿਨੇਮਾ ਦੇ ਨਾਮੀ ਸਿਤਾਰੇ ਗੁੱਗੂ ਗਿੱਲ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਯਾਦ ਗਰੇਵਾਲ, ਹਰਦੀਪ ਗਿੱਲ, ਬਲਵਿੰਦਰ ਬੁਲੇਟ ਅਤੇ ਸੁਖਵਿੰਦਰ ਰਾਜ ਆਦਿ ਕਲਾਕਾਰ ਆਪਣੀ ਅਦਾਕਾਰੀ ਪੇਸ਼ ਕਰਦੇ ਨਜ਼ਰ ਆਉਣਗੇ।ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ ਤੇ ਗੀਤ ਅਮਰਿੰਦਰ ਗਿੱਲ, ਸੁਰਿੰਦਰ ਸ਼ਿੰਦਾ, ਗੁਰਸ਼ਬਦ ਅਤੇ ਬੀਰ ਸਿੰਘ ਨੇ ਗਾਏ ਹਨ।ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ’ ਦੇ ਮੁਨੀਸ਼ ਸਾਹਨੀ ਹਨ।