Articles

‘ਪਦਮ ਸ੍ਰੀ ਕੌਰ ਸਿੰਘ ’ ਦੀ ਨਾਇਕਾ ਬਣੀ ਪ੍ਰਭ ਗਰੇਵਾਲ

ਅਦਾਕਾਰਾ
ਪ੍ਰਭ ਗਰੇਵਾਲ ਦੀਆਂ ਇਸ ਵੇਲੇ ਪੰਜੇ ਉਂਗਲਾਂ ਘਿਉ ਵਿੱਚ ਹਨ, ਹੋਣ ਵੀ ਕਿਉਂ ਨਾ…ਇੰਨ੍ਹੀਂ ਦਿਨੀਂ ਉਸਦੀਆਂ ਇੱਕ ਤੋਂ ਬਾਅਦ ਇੱਕ ਲਗਾਤਾਰ ਫ਼ਿਲਮਾਂ ਰਿਲੀਜ਼ ਹੋ ਰਹੀਆ ਹਨ। ਇਸੇ ਸਾਲ ਦੇ ਸੁਰੂ ਵਿੱਚ ਉਹ ਪੁਖਰਾਜ ਭੱਲਾ ਨਾਲ ਬਤੌਰ ਹੀਰੋਇਨ ਫ਼ਿਲਮ ‘ਹੇਟਰਜ਼’ ‘ਚ ਨਜ਼ਰ ਆਈ। ਫਿਰ ਗਿੱਪੀ ਗਰੇਵਾਲ ਨਾਲ ‘ਸ਼ਾਵਾਂ ਨੀਂ ਗਿਰਧਾਰੀ ਲਾਲ’ਵੀ ਚਰਚਾ ਵਿੱਚ ਰਹੀ। ਪਿਛਲੇ ਹਫ਼ਤੇ ਤੋਂ ‘ਖਾਓ ਪੀਓ ਐਸ ਕਰੋ’ ਵੀ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਹੁਣ ਬਹੁਤ ਜਲਦ ਉਸਦੀ ਇੱਕ ਹੋਰ ਫ਼ਿਲਮ ‘ਪਦਮ ਸ੍ਰੀ ਕੌਰ ਸਿੰਘ’ਵੀ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਭ ਗਰੇਵਾਲ ਨੇ ਮਾਡਲਿੰਗ ਤੋਂ ਆਪਣੇ ਕਲਾ ਦੀ ਸੁਰੂਆਤ ਕੀਤੀ ਸੀ । ਉਸਨੇ ਪੰਜਾਬ ਦੇ ਚੋਟੀ ਦੇ ਗਾਇਕਾਂ ਦੇ ਸੁਪਰ ਹਿੱਟ ਗੀਤਾਂ ‘ਚ ਕੰਮ ਕੀਤਾ,ਜਿਸ ਕਰਕੇ ਉਸਦੀ ਵੱਡੀ ਪਛਾਣ ਬਣੀ ਤੇ ਇਹੋ ਪਛਾਣ ਉਸਨੂੰ ਫ਼ਿਲਮਾਂ ਤੱਕ ਲੈ ਆਈ। ਨਵੀਂ ਆ ਰਹੀ ਫ਼ਿਲਮ ਵਿੱਚ ਉਸਨੇ ਫ਼ਿਲਮ ਦੇ ਨਾਇਕ ਕੌਰ ਸਿੰਘ ਦੀ ਹਮਸਫ਼ਰ ਬਲਜੀਤ ਕੌਰ ਦਾ ਕਿਰਦਾਰ ਨਿਭਾਇਆ ਹੈ ਜੋ ਉਸਦੀ ਅਦਾਕਾਰੀ ਦੇ ਵੱਖ ਵੱਖ ਰੰਗਾਂ ਨੂੰ ਪੇਸ਼ ਕਰਦਾ ਹੈ। ਫ਼ਿਲਮ ਬਾਰੇ ਗੱਲ ਕਰਦਿਆਂ ਪ੍ਰਭ ਗਰੇਵਾਲ ਨੇ ਕਿਹਾ, ‘‘ਪਦਮ ਸ੍ਰੀ ਕੌਰ ਸਿੰਘ ਇੱਕ ਵੱਖਰੇ ਵਿਸ਼ੇ ਦੀ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਤੇ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ ਪੇਸ਼ ਕਰਦੀ ਹੈ। ਇਹ ਫ਼ਿਲਮ ਸਮਾਜ ਲਈ ਇੱਕ ਮੈਸ਼ਜ ਵੀ ਹੈ ਤੇ ਨੌਜਵਾਨਾਂ ਨੂੰ ਹਥਿਆਰਾਂ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਵੀ ਕਰਦੀ ਹੈ। ਉਹ ਆਪਣੇ ਕਿਰਦਾਰ ਤੋਂ ਬਹੁਤ ਸੰਤੁਸਟ ਹੈ। ਕੌਰ ਸਿੰਘ ਬਾਰੇ ਉਸਦੇ ਪਿੰਡ ਤੋਂ ਬਾਹਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹ ਦੇਸ਼ ਲਈ ਜੰਗਾਂ ਲੜਨ ਵਾਲਾ ਫ਼ੌਜੀ ਜਵਾਨ ਸੀ ਜਿਸਨੇ ਦੇਸ਼ ਸੇਵਾ ਦੇ ਨਾਲ ਨਾਲ ਬਾਕਸਿੰਗ ਦੇ ਖੇਤਰ ਵਿੱਚ ਵੀ ਪਦਮ ਸ੍ਰੀ ਅਤੇ ਅਰਜੁਨਾ ਐਵਾਰਡ ਹਾਸਲ ਕਰਕੇ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੱਕ ਚਮਕਾਇਆ ਪਰ ਅਫ਼ਸੋਸ ਕਿ ਸਰਕਾਰ ਉਸ ਨਾਲ ਕੀਤੇ ਵਾਅਦੇ ਵਫ਼ਾ ਨਾ ਕਰ ਸਕੀ। ’’
ਲੁਧਿਆਣਾ ਨੇੜਲੇ ਪਿੰਡ ਕਿਲਾ ਰਾਏਪੁਰ ਦੀ ਜੰਮਪਲ ਪ੍ਰਭਜੋਤ ਕੌਰ ਨੂੰ ਕਲਾ ਦਾ ਸ਼ੌਂਕ ਸਕੂਲ ਕਾਲਜ ਦੇ ਦਿਨਾਂ ‘ਚ ਹੀ ਪਿਆ। ਭਾਵੇਂਕਿ ਪਰਿਵਾਰਕ ਮਾਹੌਲ ਚ ਪਹਿਲਾਂ ਕੋਈ ਕਲਾ ਖੇਤਰ ‘ਚ ਨਹੀਂ ਸੀ ਪਰ ਫਿਰ ਵੀ ਪ੍ਰਭ ਗਰੇਵਾਲ ਨੂੰ ਅੱਗੇ ਵਧਣ ਦਾ ਹੌਂਸਲਾ ਮਿਲਿਆ। ਕਾਲਜ ਪੜ੍ਹਦਿਆਂ ਉਹ ਯੂਥ ਫੈਸਟੀਵਲ ਚ ਭਾਗ ਲੈਣ ਲੱਗੀ। ਪਹਿਲਾਂ ਉਸਨੂੰ ਗਾਉਣ ਦਾ ਸ਼ੌਂਕ ਸੀ ਤੇ ਉਹ ਗਿੱਧਾ ਟੀਮ ‘ਚ ਬੋਲੀਆਂ ਪਾਉਂਦੀ ਸੀ ਫਿਰ ਅਚਾਨਕ ਇੱਕ ਗੀਤ ਤੇ ਮਾਡਲਿੰਗ ਕਰਨ ਦਾ ਮੌਕਾ ਮਿਲਿਆ ਤਾਂ ਉਹ ਇਧਰ ਆ ਗਈ। ਪ੍ਰਭ ਗਰੇਵਾਲ ਨੇ ਦੱਸਿਆ ਕਿ ਅਦਾਕਾਰੀ ਵਿਚ ਪਰਪੱਕ ਹੋਣ ਲਈ ਉਸਨੇ ਪੰਜਾਬੀ ਰੰਗਮੰਚ ਦੇ ਫਿਲਮਾਂ ਦੀ ਨਾਮਵਰ ਸ਼ਖਸੀਅਤ ਮੈਡਲ ਨਿਰਮਲ ਰਿਸ਼ੀ ਤੋਂ ਐਕਟਿੰਗ ਦੀਆਂ ਕਲਾਸਾਂ ਲਈਆਂ। ਸੂਟਿੰਗ ਸਮੇਂ ਵੀ ਉਹ ਹਰ ਛੋਟੇ ਵੱਡੇ ਕਿਰਦਾਰ ਤੋਂ ਕਲਾ ਦੀਆਂ ਬਾਰੀਕੀਆਂ ਸਿਖਣ ਦੀ ਕੋਸ਼ਿਸ ਕਰਦੀ ਹੈ। ਉਸਦੀ ਸੋਚ ਇਕ ਵਧੀਆ
ਅਦਾਕਾਰਾ
ਬਣਨ ਦੀ ਹੈ ਜੋ ਹਰ ਤਰ੍ਹਾਂ ਦੇ ਕਿਰਦਾਰ ਨੂੰ ਬਾਖੂਬੀ ਨਿਭਾਅ ਸਕੇ।22 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਕੌਰ ਸਿੰਘ ਦਾ ਕਿਰਦਾਰ ਕਰਮ ਬਾਠ ਨੇ ਨਿਭਾਇਆ ਹੈ ਜੋ ਪੰਜਾਬੀ ਥੀਏਟਰ ਦਾ ਕਲਾਕਾਰ ਹੈ ਤੇ ਪਿਛਲੇ ਕਈ ਸਾਲਾਂ ਤੋਂ ਕਾਨੇਡਾ ਰਹਿ ਰਿਹਾ ਹੈ। ਫ਼ਿਲਮ ਦਾ ਲੇਖਕ ਨਿਰਦੇਸ਼ਕ ਵਿਕਰਮ ਪ੍ਰਧਾਨ ਹੈ ਜਿਸਨੇ ਬੜੀ ਬਾਰੀਕੀ ਨਾਲ ਕੌਰ ਸਿੰਘ ਜਿੰਦਗੀ ਨੂੰ ਨੇੜੇ ਤੋਂ ਸਮਝ ਕੇ ਪਰਦੇ ‘ਤੇ ਉਤਾਰਿਆ ਹੈ। ਇਸ ਫਿਲਮ ਦਾ ਨਿਰਮਾਣ ਕਰਮ ਬਾਠ ਵੱਲੋਂ ਸਲੇਅ ਰਿਕਾਰਡਜ਼ ਨਾਲ ਮਿਲਕੇ ਕੀਤਾ ਗਿਆ ਹੈ। ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਵਿਕਰਮ ਪ੍ਰਧਾਨ ਹੈ। ਫਿਲਮ ਵਿੱਚ ਕਰਮ ਬਾਠ,ਪ੍ਰਭ ਗਰੇਵਾਲ, ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਰਾਜ ਕਾਕੜਾ ਨੇ ਲਿਖੇ ਨੇ ਤੇ ਇਸਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ। ਜੀਆ ਠੱਕਰ ਫਿਲਮ ਦੇ ਸਹਿ ਲੇਖਕ ਤੇ ਸਹਿ ਨਿਰਦੇਸ਼ਕ ਹਨ। ਫ਼ਿਲਮ ਦੇ ਨਿਰਮਾਤਾ ਕਰਮ ਬਾਠ ਤੇ ਵਿੱਕੀ ਮਾਨ ਹਨ ਤੇ ਸਹਿ ਨਿਰਮਾਤਾ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਹਨ। ਇੱਕ ਬੌਕਸਰ ਦੀ ਜਿੰਦਗੀ ਅਧਾਰਤ ਬਣੀ ਇਹ ਪਹਿਲੀ ਫ਼ਿਲਮ ਪੰਜਾੀ ਸਿਨਮੇ ਦੀ ਮੀਲ ਪੱਥਰ ਸਾਬਤ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ