ਪੋਲੀਵੁੱਡ ਪੋਸਟ- ਬੀਤੇ ਕੱਲ 28 ਜੂਨ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਈ ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਅਦਾਕਾਰਾ ਕਵਿਤਾ ਕੌਸ਼ਿਕ ਤੇ ਈਸ਼ਾ ਰਿੱਖੀ ਸਟਾਰਰ ਪੰਜਾਬੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਪਿਆਰ ਦੇ ਰੰਗਾਂ ਅਤੇ ਪਰਿਵਾਰਕ ਕਾਮੇਡੀ ਵਾਲੀ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।ਲੇਖਕ–ਨਿਰਦੇਸ਼ਕ ਅਵਤਾਰ ਸਿੰਘ ਨੇ ਬਹੁਤ ਖੁਬਸੂਰਤੀ ਨਾਲ ਇਕ ਨਵੇਂ ਕੰਸੇਪਟ ਨੂੰ ਪਰਦੇ ‘ਤੇ ਪੇਸ਼ ਕੀਤਾ ਹੈ।ਇਸ ਫ਼ਿਲਮ ਦੀ ਕਹਾਣੀ ਵੀ ਅਵਤਾਰ ਸਿੰਘ ਨੇ ਲਿਖੀ ਹੈ ਜੋ ਕਿ ਆਮ ਪੰਜਾਬੀ ਫ਼ਿਲਮਾਂ ਦੇ ਵਿਸ਼ਿਆਂ ਤੋਂ ਬਹੁਤ ਹਟ ਕੇ ਸਮਾਜਿਕ ਪਾਤਰਾਂ ਦੀ ਇੱਕ ਦਿਲਚਸਪ ਕਹਾਣੀ ਹੈ। ਮਿੰਦੋ ਤਸੀਲਦਾਰਨੀ ਇਲਾਕੇ ਦੀ ਇੱਕ ਵੱਡੀ ਉੱਚ ਅਧਿਕਾਰੀ ਹੈ,ਜਿਸਦੀ ਨੇੜਲੇ ਪਿੰੰਡ ਦੇ ‘ਤੇਜੇ ਛੜੇ’ ਨਾਲ ਥੋੜੀ ਜਾਣ-ਪਛਾਣ ਹੋ ਜਾਂਦੀ ਹੈ ਅਤੇ ਇਸੇ ਨਿੱਕੀ ਜਿਹੀ ਜਾਣ ਪਛਾਣ ਨੂੰ ਤੇਜਾ ਛੜਾ ਪਿੰਡ ਵਾਲਿਆਂ ਕੋਲ ਆਪਣੀ ਟੌਹਰ ਬਣਾਉਣ ਲਈ ਵਧਾ ਚੜ੍ਹਾ ਕੇ ਦੱਸਦਾ ਹੈ, ਜਿਸ ਨਾਲ ਹਾਲਾਤ ਹੀ ਕੁਝ ਅਜਿਹੇ ਦਿਲਚਸਪ ਬਣਦੇ ਹਨ ਜੋ ਦਰਸ਼ਕਾਂ ਨੂੰ ਹਸਾ-ਹਸਾ ਕੇ ਦੂਹਰੇ ਕਰਦੇ ਹਨ।ਫ਼ਿਲਮ ਵਿਚਲੇ ਹਾਸਿਆਂ ਨਾਲ ਭਰੇ ਪੰਚ ਹੀ ਫ਼ਿਲਮ ਦੀ ਗਤੀ ਨੂੰ ਲਗਾਤਾਰ ਵਧਾਉਂਦੇ ਹਨ। ਫ਼ਿਲਮ ਦਾ ਸਕਰੀਨ ਪਲੇਅ ਅਤੇ ਪਟਕਥਾ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖਿਆ ਹੈ।ਕਰਮਜੀਤ ਅਨਮੋਲ ਪ੍ਰੋਡਕਸ਼ਨ’ ਤੇ ‘ਰੰਜੀਵ ਸਿੰਗਲਾ ਪ੍ਰੋਡਕਸ਼ਨ’ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਮੌਂਟੀ ਬੈਨੀਪਾਲ ਤੇ ਪਵਿਤਰ ਬੈਨੀਪਾਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ।ਇਸ ਫਿਲਮ ਵਿੱਚ ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਕਵਿਤਾ ਕੌਸ਼ਿਕ ਤੇ ਈਸ਼ਾ ਰਿੱਖੀ ਤੋਂ ਇਲਾਵਾ ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ, ਹਾਰਬੀ ਸੰਘਾ ਤੇ ਪ੍ਰਕਾਸ਼ ਗਾਧੂ ਸਮੇਤ ਹਰ ਕਲਾਕਾਰ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਪੂਰੀ ਤਰ੍ਹਾਂ ਨਿਆਂ ਕੀਤਾ ਹੈ ਤੇ ਫਿਲਮ ‘ਚ ਹਰੇਕ ਕਿਰਦਾਰ ਦੀ ਦਮਦਾਰ ਐਕਟਿੰਗ ਵੇਖਣ ਨੂੰ ਮਿਲ ਰਹੀ ਹੈ।
ਦਰਸ਼ਕਾਂ ਨੂੰ ਹਸਾ-ਹਸਾ ਢਿੱਡੀਂ ਪੀੜਾਂ ਪਾ ਰਹੀ ਫ਼ਿਲਮ 'ਮਿੰਦੋ ਤਸੀਲਦਾਰਨੀ', ਮਿਲ ਰਿਹੈ ਭਰਵਾਂ ਹੁੰਗਾਰਾ
