Movie News

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫਿਲਮ 'ਅਰਦਾਸ ਕਰਾਂ' ਦਾ ਰੂਹਾਨੀਅਤ ਭਰਿਆ ਗੀਤ 'ਸਤਿਗੁਰੂ ਪਿਆਰੇ'

ਪਾਲੀਵੁੱਡ ਪੋਸਟ- ਕੁਝ ਫ਼ਿਲਮਾਂ ਮਨੋਂਰਜਨ ਦੇ ਨਾਲ-ਨਾਲ ਸਮਾਜ ਸੁਧਾਰਕ ਹੋਣ ਦਾ ਫ਼ਰਜ ਵੀ ਨਿਭਾਉਦੀਆਂ ਹਨ। ਅਜਿਹੀਆਂ ਫ਼ਿਲਮਾਂ ਦੀ ਗਿਣਤੀ ਭਾਵੇਂ ‘ਆਟੇ ‘ਚ ਲੂਣ’ ਬਰਾਬਰ ਹੀ ਹੁੰਦੀ ਹੈ ਪਰ ਇਹ ਦਰਸ਼ਕਾਂ ਦੇ ਧੁਰ ਅੰਦਰ ਤੱਕ ਵੱਸ ਜਾਂਦੀਆਂ ਹਨ। ‘ਅਰਦਾਸ’ ਫਿਲਮ ਬਾਰੇ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ। ਜਿਸ ਨੇ ਵੀ ਇਹ ਫਿਲਮ ਵੇਖੀ, ਉਹ ਧੁਰ ਅੰਦਰ ਤੱਕ ਹਲੂਣਿਆਂ ਗਿਆ। ਹੁਣ ਇਸ ਫਿਲਮ ਦਾ ਸੀਕੁਅਲ ‘ਅਰਦਾਸ ਕਰਾਂ’ ਦੇ ਨਾਂ ਨਾਲ ਆ ਰਿਹਾ ਹੈ। ਜਿਸਦੀ ਦਰਸਕਾਂ ਵਲੋਂ ਬੜੀ ਹੀ ਸਿੱਦਤ ਨਾਲ ਉਡੀਕ ਕੀਤੀ ਜਾ ਰਹੀ ਹੈ। ਇਸਦੇ ਪੋਸਟਰ ਅਤੇ ਟੀਜ਼ਰ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ। ਦਰਸ਼ਕਾਂ ਦਾ ਇੱਕ ਵੱਡਾ ਹਜ਼ੂਮ ਇਸ ਫਿਲਮ ਪ੍ਰਤੀ ਬੜਾ ਹੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਸਾਗਾ ਮਿਊਜ਼ਿਕ ਵਲੋਂ ਇਸ ਫਿਲਮ ‘ਅਰਦਾਸ ਕਰਾਂ’ ਦਾ ਪਹਿਲਾ ਗੀਤ ‘ਸਤਿਗੁਰ ਪਿਆਰੇ…’ ਰਿਲੀਜ ਕੀਤਾ ਗਿਆ ਹੈ। ਪ੍ਰਮਾਤਮਾ ਦੇ ਅਲੌਕਿਕ ਰੰਗਾਂ ਦੀ ਉਸਤਦ ਕਰਦਾ ਇਹ ਸ਼ਬਦਨੁਮਾਂ ਗੀਤ ਹੈਪੀ ਰਾਏਕੋਟੀ ਨੇ ਲਿਖਿਆ ਹੈ ਤੇ ਸੁਰੀਲੀ ਆਵਾਜ ਦੀ ਮਲਿਕਾ ਸੁਨਿਧੀ ਚੌਹਾਨ ਤੇ ਦਵਿੰਦਰ ਸਿੰਘ ਆਪਣੀਆ ਮਨਮੋਹਕ ਆਵਾਜਾਂ ਦਿੱਤੀਆ ਹਨ। ਸੰਗੀਤਕਾਰ ਜਤਿੰਦਰ ਸ਼ਾਹ ਨੇ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਸੁਣਦਿਆ ਹਰੇਕ ਦਰਸ਼ਕ ਰੂਹਾਨੀਅਤ ਦੇ ਰੰਗਾਂ ‘ਚ ਰੰਗਿਆ ਪ੍ਰਮਾਤਮਾ ਦੇ ਚਰਨਾ ਨਾਲ ਜੁੜਿਆ ਮਹਿਸੂਸ ਕਰਦਾ ਹੈ। ਇਸ ਗੀਤ ਦੇ ਚਰਚੇ ਹਰ ਸਿਨੇ ਪ੍ਰੇਮੀ ਦੀ ਜੁਬਾਨ ‘ਤੇ ਹਨ। 19 ਜੁਲਾਈ ਨੂੰ ਰਿਲੀਜ ਹੋ ਰਹੀ ਇਸ ਫਿਲਮ ‘ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਮੇਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾਂ ਪੱਬੀ, ਰਾਣਾ ਜੰਗ ਬਹਾਦਰ, ਮਲਕੀਤ ਰੌਣੀ ਆਦਿ ਲੇ ਅਹਿਮ ਕਿਰਦਾਰ ਨਿਭਾਏ ਹਨ। ਖ਼ਾਸ ਗੱਲ ਕਿ ਗਿੱਪੀ ਗਰੇਵਾਲ ਦਾ ਬੇਟਾ ਗੁਰਫਤਿਹ ਸਿੰਘ ਗਰੇਵਾਲ ਵੀ ਬਾਲ ਕਲਾਕਾਰ ਦੇ ਰੂਪ ‘ਚ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗਾ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਦਾ ਲਿਖਿਆ ਹੈ, ਡਾਇਲਾਗ ਰਾਣਾ ਰਣਬੀਰ ਨੇ ਲਿਖੇ ਹਨ। ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਵਲੋਂ ਦਿੱਤਾ ਗਿਆ ਹੈ। ਫਿਲਮ ਦਾ ਨਿਰਮਾਤਾ, ਲੇਖਕ ਤੇ ਨਿਰਦੇਸ਼ਕ ਖੁਦ ਗਿੱਪੀ ਗਰੇਵਾਲ ਹੈ। ਇਸ ਫਿਲਮ ਦੇ ਫੋਟੋਗ੍ਰਾਫ਼ੀ ਡਾਇਰੈਕਟਰ ਬਲਜੀਤ ਸਿੰਘ ਦਿਓ ਹਨ।

Leave a Reply