Articles

ਤਾਨਾਸ਼ਾਹ' ਬਣਕੇ ਪੰਜਾਬੀ ਗਾਇਕੀ ਦੇ ਨਕਸ਼ੇ 'ਤੇ ਉਭਰਿਆ 'ਜਗਮੀਤ ਬਰਾੜ'

ਪਾਲੀਵੁੱਡ ਪੋਸਟ-ਪੰਜਾਬੀ ਗਾਇਕੀ ‘ਚ ਨਵੀਆਂ ਪੈੜ੍ਹਾਂ ਪਾਉਣ ਵਾਲਾ ਜਗਮੀਤ ਬਰਾੜ ਸੁਰੀਲੇ ਤੇ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਕਲਾਕਾਰਾਂ ‘ਚੋਂ ਇੱਕ ਹੈ ਜੋ ਆਪਣੇ ਗੀਤ ‘ਤਾਨਾਸ਼ਾਹ’ ਨਾਲ ਅੱਜ ਲੱਖਾਂ ਸਰੋਤਿਆਂ ਦੀ ਪਸੰਦ ਬਣਿਆ ਹੋਇਆ ਹੈ। ਸਾਗਾ ਮਿਊਜਿਕ ਵਲੋਂ ਵੱਡੀ ਪੱਧਰ ‘ਤੇ ਰਿਲੀਜ਼ ਕੀਤੇ ਇਸ ਗੀਤ ਨੂੰ ਜਗਮੀਤ ਨੇ ਜਿੰਨ੍ਹਾਂ ਵਧੀਆਂ ਗਾਇਆ ਹੈ ਉਨ੍ਹਾਂ ਹੀ ਜੋਸ਼ ਅਤੇ ਜ਼ਜਬੇ ਨਾਲ ਲਿਖਿਆ ਵੀ ਹੈ। ਦੇਸੀ ਕਰੀਉ ਦੇ ਸੰਗੀਤ ‘ਚ ਸਜੇ ਇਸ ਗੀਤ ਦਾ ਵੀਡਿਓ ਅਮਰਪ੍ਰੀਤ ਸਿੰਘ ਛਾਬੜਾ ਨੇ ਹਿਮਾਚਲ ਦੀਆਂ ਬਹੁਤ ਹੀ ਦਿਲਕਸ ਲੁਕੇਸ਼ਨਾਂ ‘ਤੇ ਫ਼ਿਲਮਾਇਆ ਹੈ। ਜਿੱਥੇ ਸਲਮਾਨ ਖਾਂ ਦੀ ਫ਼ਿਲਮ ‘ ਟਿਊਬਲਾਇਟ’ ਫਿਲਮਾਈ ਗਈ ਹੈ। ਜਗਮੀਤ ਨੇ ਦੱਸਿਆ ਕਿ ਵੀਡਿਓ ਵਿੱਚ ਟੀ ਵੀ ਸਟਾਰ ਅਤੇ ਸ਼ੋਸ਼ਲ ਮੀਡੀਆ ਕੁਈਨ ਅਵਨੀਤ ਕੌਰ ਨੇ ਵੀ ਕੰਮ ਕੀਤਾ ਹੈ। ਇਸ ਗੀਤ ਨੂੰ ਪਹਿਲੇ ਹੀ ਦਿਨ ਲੱਖਾਂ ਪ੍ਰਸੰਸ਼ਕਾਂ ਨੇ ਪਸੰਦ ਕੀਤਾ ਹੈ।
ਫ਼ਰੀਦਕੋਟ ਦੇ ਘਣੀਆ ਪਿੰਡ ਦੇ ਜੰਮਪਲ ਜਗਮੀਤ ਬਰਾੜ ਨੇ ਦੱਸਿਆ ਕਿ ਪਹਿਲਾਂ ਉਸਨੂੰ ਗੀਤ ਲਿਖਣ ਦਾ ਸ਼ੌਂਕ ਸੀ। ਕਾਲਜ਼ ਸਮੇਂ ਉਹ ਅਕਸਰ ਹੀ ਗੀਤ ਲਿਖ ਕੇ ਯਾਰਾਂ ਦੋਸਤਾਂ ਨੂੰ ਸੁਣਾਉਂਦਾ ਹੁੰਦਾ। ਗੀਤਕਾਰ ਨਰਿੰਦਰ ਬਾਠਾਂ ਵਾਲੇ ਦੀ ਕਲਮ ਦਾ ਉਸ ‘ਤੇ ਵਧੇਰੇ ਪ੍ਰਭਾਵ ਰਿਹਾ। ਕੁਝ ਸਮੇਂ ਬਾਅਦ ਉਸਦੇ ਗੀਤ ਵੀ ਰਿਕਾਰਡ ਹੋਣ ਲੱਗੇ। ਫ਼ਿਰ ਜਦ ਇੱਕ ਨਾਮੀਂ ਗਾਇਕ ਨੇ ਉਸਦੇ ਲਿਖੇ ਗੀਤ ਚੋਰੀ ਕਰਕੇ ਆਪਣੇ ਨਾਂ ਤੇ ਰਿਕਾਰਡ ਕਰਵਾਏ ਤਾਂ ਲੇਖਕ ਦਾ ਕੋਮਲ ਹਿਰਦਾ ਵਲੂੰਧਿਰਆਂ ਗਿਆ ਤੇ ਉਹ ਗੀਤਕਾਰ ਤੋਂ ਗਾਇਕੀ ਦੇ ਰਾਹ ਤੁਰ ਪਿਆ।
ਜਗਮੀਤ ਨੇ ਦੱਸਿਆ ਕਿ ਉਸਨੇ ਸੰਘਰਸ਼ ਦੇ ਦਿਨਾਂ ਵਿੱਚ ਅਨੇਕਾਂ ਕੰਪਨੀਆਂ ਦੇ ਬੂਹੇ ਖੜਕਾਏ ਕਿਸੇ ਨੇ ਉਸ ਦੀ ਬਾਂਹ ਨਾ ਫੜੀ ਪ੍ਰੰਤੂ ਸਾਗਾ ਕੰਪਨੀ ਦੇ ਸੁਮੀਤ ਸਿੰਘ ਨੇ ਉਸਦੇ ਦਿਲ ਦੇ ਦਰਦ ਨੂੰ ਸਮਝਦਿਆਂ ਉਸਨੂੰ ਹੌਸਲਾ ਦਿੰਦਿਆਂ ਗਾਇਕੀ ਖੇਤਰ ਵਿਚ ਅੱਗੇ ਵਧਣ ਚ ਮਦਦ ਕੀਤੀ। ਜਿਸ ਲਈ ਉਹ ਸਦਾ ਸ਼ੁਕਰਗੁਜ਼ਾਰ ਹੈ।
ਗਾਇਕੀ ਤੋਂ ਫ਼ਿਲਮਾਂ ਵੱਲ ਜਾਣ ਬਾਰੇ ਉਸਦੀ ਸੋਚ ਪਹਿਲਾ ਉਹ ਗਾਇਕੀ ਵਿੱਚ ਹੀ ਵੱਖਰਾ ਮੁਕਾਮ ਹਾਸਲ ਕਰਨਾ ਹੈ। ਜਗਮੀਤ ਨੂੰ ਇਸ ਖੇਤਰ ਵਿਚ ਅੱਗੇ ਵਧਣ ਲਈ ਉਸਦੇ ਪਿਤਾ ਸ੍ਰ ਜਸਵੰਤ ਸਿੰਘ ਬਰਾੜ ਤੇ ਮਾਤਾ ਜਸਵਿੰਦਰ ਕੌਰ ਬਰਾੜ,ਭਰਾ ਸੰਦੀਪ ਸਿੰਘ ਬਰਾੜ ਤੇ ਯਾਰਾਂ ਦੋਸਤਾਂ ਨੇ ਕਦਮ ਕਦਮ ‘ਤੇ ਸਹਿਯੋਗ ਰਿਹਾ। ਗਾਇਕੀ ਖੇਤਰ ਵਿੱਚ ਉਸਦੇ ਕੁਝ ਹੋਰ ਗੀਤ ਵੀ ਜਲਦ ਰਿਲੀਜ਼ ਹੋ ਰਹੇ ਹਨ। ਗਾਇਕੀ ਤੋਂ ਇਲਾਵਾ ਜਗਮੀਤ ਬਾਕਸਿੰਗ ਦੇ ਖੇਤਰ ਵਿੱਚ ਵੀ ਪਛਾਣ ਰੱਖਦਾ ਹੈ।