FeaturedMovie News

'ਜੋਰਾ –ਦਾ ਸੈਂਕਡ ਚੈਪਟਰ' ਦਾ ਹਿੱਸਾ ਬਣਿਆ ਪ੍ਰਸਿੱਧ ਗਾਇਕ 'ਸਿੰਗਾਂ'

ਪਾਲੀਵੁੱਡ ਪੋਸਟ-ਗਾਇਕਾਂ ਦਾ ਫ਼ਿਲਮੀ ਪਰਦੇ ਵੱਲ ਆਉਣਾ ਕੋਈ ਨਵੀਂ ਗੱਲ ਨਹੀਂ ਪਰ ਹਰੇਕ ਗਾਇਕ ‘ਚੋਂ ਨਾਇਕ ਤਲਾਸ਼ ਕੇ ਇਕ ਨਵੇਂ ਰੂਪ ‘ਚ ਪਰਦੇ ਤੇ ਲਿਆਉਣਾ ਹਰ ਫਿਲਮਕਾਰ ਦੇ ਵੱਸ ਦੀ ਗੱਲ ਨਹੀਂ ਹੁੰਦਾ ਪਰ ਲੇਖਕ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਇਹ ਕੰਮ ਪੰਜਾਬੀ ਗਾਇਕ ਸਿੰਗਾਂ ਨੂੰ ਆਪਣੀ ਐਕਸ਼ਨ ਫਿਲਮ ‘ਜ਼ੋਰਾ-ਦਾ ਸੈਂਕਡ ਚੈਪਟਰ’ ਦਾ ਅਹਿਮ ਹਿੱਸਾ ਬਣਾ ਕੇ ਬਾਖੂਬੀ ਨਿਭਾਇਆ ਹੈ। ਸਿੰਗਾਂ ਨੌਜਵਾਨਾਂ ਦਾ ਚਹੇਤਾ ਗਾਇਕ ਹੈ। ਉਸਦੀ ਫੈਨ ਫੈਲੋਇੰਗ ਜਿਆਦਾ ਹੋਣ ਕਰਕੇ ਉਸਦਾ ਫਿਲਮੀ ਪਰਦੇ ‘ਤੇ ਆਉਣਾ ਸਫ਼ਲਤਾ ਦੀ ਮੰਜਲ ਵੱਲ ਵਧਿਆ ਕਦਮ ਹੋਵੇਗਾ। ਸਿੰਗਾਂ ਦੀ ਵੀ ਖੁਸ਼ਕਿਸਮਤੀ ਹੈ ਕਿ ਉਹ ਪੰਜਾਬੀ ਸਿਨਮੇ ਦੇ ਨਾਮਵਰ ਐਕਸ਼ਨ ਨਾਇਕ ਦੀਪ ਸਿੱਧੂ ਨਾਲ ਕੰਮ ਕਰ ਰਿਹਾ ਹੈ। ਮਲਟੀਸਟਾਰ ਕਾਸਟ ਵਾਲੀ ਇਸ ਫਿਲਮ ਵਿੱਚ ਦੀਪ ਸਿੱਧੂ , ਧਰਮਿੰਦਰ, ਗੁੱਗੂ ਗਿੱਲ,ਆਸ਼ੀਸ ਦੁੱਗਲ, ਹੌਬੀ ਧਾਲੀਵਾਲ ਵਰਗੇ ਪੰਜਾਬੀ ਸਿਨੇਮੇ ਦੇ ਥੰਮ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ। ਅਜਿਹੀਆਂ ਫਿਲਮਾਂ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰਦੇ ਹਨ। ਸਿੰਗਾਂ ਦੇ ਪ੍ਰਸੰਸ਼ਕਾਂ ਵਿੱਚ ਵੀ ਆਪਣੇ ਚਹੇਤੇ ਗਾਇਕ ਨੂੰ ਫਿਲਮੀ ਪਰਦੇ ‘ਤੇ ਵੇਖਣ ਦੀ ਇੱਛਾ ਤੇਜ਼ ਹੁੰਦੀ ਜਾ ਰਹੀ ਹੈ। ਵੇਖਦੇ ਹਾਂ, ਆ ਰਹੀ 6 ਮਾਰਚ ਨੂੰ ਇਸ ਫਿਲਮ ਦੇ ਲੇਖਕ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਪਾਰਖੂ ਅੱਖ ਨੇ ਸਿੰਗਾਂ ਨੂੰ ਕਿਹੜੇ ਰੂਪ ਵਿਚ ਪਰਦੇ ‘ਤੇ ਉਤਾਰਿਆ ਹੈ।

‘ਬਠਿੰਡੇ ਵਾਲੇ ਬਾਈ ਫ਼ਿਲਮਜ਼’, ਲਾਉਡ ਰੋਰ ਫ਼ਿਲਮ ਐਂਡ ‘ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਪਹਿਲੀ ਫਿਲਮ ‘ ਜੋਰਾ ਦਸ ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰਦੀ ਉਸਦਾ ਅਗਲਾ ਭਾਗ ਹੈ। ਬਹੁਤੇ ਪਾਤਰ ਪਹਿਲਾਂ ਵਾਲੇ ਹੀ ਹਨ ਜਦਕਿ ਕੁਝ ਨਵੇਂ ਪਾਤਰ ਇਸ ਫ਼ਿਲਮ ਰਾਹੀਂ ਜੁੜੇ ਹਨ। ਫਿਲਮ ਦਾ ਵਿਸ਼ਾ ਨੌਜਵਾਨੀ, ਸਿਆਸਤ ਅਤੇ ਪੁਲਸ ਪ੍ਰਸਾਸਨ ਦੇ ਆਲੇ-ਦੁਆਲੇ ਘੁੰਮਦਾ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਬੇਹੱਤਰ ਬਣਾਉਣ ਲਈ ਕਈ ਨਵੇਂ ਤਜੱਰਬੇ ਕੀਤੇ ਗਏ ਹਨ ਜੋ ਫਿਲਮ ਦੀ ਕਹਾਣੀ ਨੂੰ ਅੱਜ ਦੇ ਹਾਲਾਤਾਂ ਨਾਲ ਜੋੜਦੀ ਰੌਚਕਤਾ ਪੈਦਾ ਕਰੇਗੀ। ਹਿੰਦੀ ਸਿਨੇਮੇ ਦੇ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮ ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸਿੰਘਾਂ, ਸੋਨਪ੍ਰੀਤ ਸਿੰਘ ਜਵੰਧਾ ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ ‘ਚ ਆਪਣੀ ਕਲਾ ਦੇ ਜ਼ੌਹਰ ਵਿਖਾਉਣਗੇ।
ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ ‘ਜ਼ੋਰਾ ਦਸ ਨੰਬਰੀਆਂ’ ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜ਼ਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਸਦਾਬਹਾਰ ਗਾਇਕ ਲਾਭ ਹੀਰਾ ਵੀ ਇਸ ਫਿਲਮ ਰਾਹੀਂ ਮੁੜ ਨਜ਼ਰ ਆਵੇਗਾ। 6 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਚਰਚਾ ਅੱਜਕਲ ਜ਼ੋਰਾਂ ‘ਤੇ ਹੋ ਰਹੀ ਹੈ।