Movie News

ਜਵਾਨੀ ਦੇ ਜੋਸ਼ 'ਚ ਭਟਕੀ ਨੌਜਵਾਨ ਪੀੜ੍ਹੀ ਦੀ ਕਹਾਣੀ ਹੈ ਫਿਲਮ 'ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ'

ਪਾਲੀਵੁੱਡ ਪੋਸਟ-ਨਿਰਮਾਤਾ ਨਿਰਦੇਸ਼ਕ ਸਾਗਰ ਐੱਸ ਸ਼ਰਮਾ ਦੀ ਅੱਠ ਨਵੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ’ ਅਜੋਕੇ ਸਮੇਂ ਦੀ ਨੌਜਵਾਨੀ ਦਾ ਸੱਚ ਬਿਆਨਦੀ ਇੱਕ ਸਮਾਜਿਕ ਸੁਨੇਹਾ ਦਿੰਦੀ ਫ਼ਿਲਮ ਹੈ। ਪ੍ਰਸਿੱਧ ਗਾਇਕ ਬੱਬੂ ਮਾਨ ਦੇ ਚਰਚਿਤ ਗੀਤ ਦੇ ਸਿਰਲੇਖ ਅਧਾਰਤ ਇਹ ਫ਼ਿਲਮ ਹਥਿਆਰਾਂ ਦੇ ਹੱਕ ਵਿੱਚ ਨਹੀਂ ਹੈ ਬਲਕਿ ਹਥਿਆਰਾਂ ਦੀ ਨਜਾਇਜ਼ ਵਰਤੋਂ ਕਰਕੇ ਹੋਈ ਤਬਾਹੀ ਦਾ ਮੰਜ਼ਰ ਬਿਆਨਦੀ ਫਿਲਮ ਹੈ। ਬੀਤੇ ਕੁਝ ਦਿਨਾਂ ਤੋਂ ਇਸ ਫ਼ਿਲਮ ਦੀ ਕਲਾਕਾਰ ਟੀਮ ਵੱਖ ਵੱਖ ਸ਼ਹਿਰਾਂ ‘ਚ ਫ਼ਿਲਮ ਦੇ ਪ੍ਰਚਾਰ ਕਰ ਰਹੇ ਹਨ ਜਿੱਥੋਂ ਇਸ ਪ੍ਰਤੀ ਚੰਗਾ ਹੁੰਗਾਰਾਂ ਮਿਲਿਆ ਹੈ। ਫ਼ਿਲਮ ਦੇ ਇਸ ਹੁੰਗਾਰੇ ਨੂੰ ਵੇਖਦਿਆਂ ਨਿਰਮਾਤਾ ਨਿਰਦੇਸ਼ਕ ਸਾਗਰ ਸਰਮਾਂ ਨੇ ਕਿਹਾ, ”ਸਾਨੂੰ ਖੁਸ਼ੀ ਹੈ ਕਿ ਅਸੀਂ ਸਮਾਜਿਕ ਮੁੱਦਿਆਂ ਨਾਲ ਜੁੜੀ ਇੱਕ ਚੰਗੀ ਫਿਲਮ ਲੈ ਕੇ ਆ ਰਹੇ ਹਾਂ ਜੋ ਆਮ ਪੰਜਾਬੀ ਸਿਨੇਮੇ ਤੋਂ ਬਹੁਤ ਹਟਕੇ ਹੋਵੇਗੀ। ਫ਼ਿਲਮ ਦਾ ਟਾਇਟਲ ਮੁਤਾਬਕ ਇਹ ਫ਼ਿਲਮ ਹਥਿਆਰ ਚੁੱਕਣ ਦੀ ਗੱਲ ਨਹੀਂ ਕਰਦੀ ਬਲਕਿ ਹਥਿਆਰ ਚੁੱਕਣ ਦੇ ਗ਼ਲਤ ਨਤੀਜਿਆਂ ਦੀ ਕਹਾਣੀ ਬਿਆਨ ਕਰਦੀ ਹੈ। ਇਹ ਫਿਲਮ ਪੰਜਾਬ ਦੇ ਹਰੇਕ ਉਸ ਨੌਜਵਾਨ ਦੀ ਕਹਾਣੀ ਹੈ ਜੋ ਮਹਿੰਗੀਆਂ ਪੜ੍ਹਾਈਆਂ ਕਰਕੇ ਡਿਗਰੀਆਂ ਹੱਥਾਂ ‘ਚ ਚੁੱਕੀ ਨੌਕਰੀਆਂ ਲਈ ਥਾਂ ਥਾਂ ਭਟਕ ਰਿਹਾ ਹੈ। ਕਿਵੇਂ ਰਾਜਸੀ ਸੋਚ ਵਾਲੇ ਲੋਕ ਅਜਿਹੇ ਨੌਜਵਾਨਾਂ ਨੂੰ ਆਪਣੇ ਕੰਮਾਂ ਲਈ ਵਰਤਦੇ ਹੋਏ ਇੰਨ੍ਹਾਂ ਦੇ ਭਵਿੱਖ ਨਾਲ ਖੇਡਦੇ ਹਨ, ਇਸ ਫ਼ਿਲਮ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਫਿਲਮ ਵਿੱਚ ਪੰਜਾਬੀ ਰੰਗਮੰਚ ਤੋਂ ਫਿਲਮਾਂ ਵੱਲ ਆਏ ਕਲਾਕਾਰਾਂ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ ਜੋ ਦਰਸ਼ਕਾਂ ਨੂੰ ਪ੍ਰਭਾਵਤ ਕਰੇਗੀ। ਦੀਪ ਜ਼ੋਸੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ, ਕੁਮਾਰ ਅਜੇ,ਜਤਿਨ, ਮੋਹਿਤ ਭਾਸ਼ਕਰ, ਕੀਤਿਕਾ ਸਤਵੰਤ ਕੌਰ,ਗੋਲਡੀ ਖੁਰਾਣਾ, ਬਲਕਰਨ, ਅਤੇ ਪੂਨਮ ਸੂਦ ਇਸ ਫਿਲਮ ਦੇ ਅਹਿਮ ਕਲਾਕਾਰ ਹਨ।ਫ਼ਿਲਮ ਦਾ ਨਿਰਦੇਸ਼ਨ ਸਾਗਰ ਐੱਸ ਸ਼ਰਮਾਂ ਨੇ ਦਿੱਤਾ ਹੈ ਜੋ ਇਸ ਤੋਂ ਪਹਿਲਾਂ ‘ਬੁਰਰਾ’, ਜੁਗਨੀ ਯਾਰਾਂ ਦੀ’ ਅਤੇ ਇੱਕ ਗੁਜਰਾਤੀ ਫ਼ਿਲਮ ‘ਚਾਸ਼ਨੀ’ ਦਾ ਸਫ਼ਲ ਨਿਰਦੇਸ਼ਨ ਕਰ ਚੁੱਕੇ ਹਨ। ਇਸ ਫਿਲਮ ਦੀ ਕਹਾਣੀ ਤੇ ਡਾਇਲਾਗ ਕੁਮਾਰ ਅਜੇ ਨੇ ਲਿਖੇ ਹਨ ਤੇ ਸਕਰੀਨ ਪਲੇਅ ਸਾਗਰ ਸਰਮਾ ਨੇ ਲਿਖਿਆ ਹੈ। ਫਿਲਮ ਦੇ ਗੀਤ ਨਿੰਜਾ ਕਮਾਲ ਖਾਂ ਤੇ ਜੱਗੀ ਸਿੰਘ ਨੇ ਗਾਏ ਹਨ। ਸੰਗੀਤ ਜੱਗੀ ਸਿੰਘ ਤੇ ਤਰੁਣ ਰਿਸ਼ੀ ਨੇ ਦਿੱਤਾ ਹੈ। ਸੰਗੀਤ ‘ਐੱਚ ਐੱਸ ਆਰ ਇੰਟਰਟੇਂਮੈਂਟ’ ਵਲੋਂ ਰਿਲੀਜ਼ ਕੀਤਾ ਗਿਆ ਹੈ। ਸ਼ੁਕਲ ਸ਼ੋਅਵਿੱਜ ਅਤੇ ਯੂ ਬੀ ਫਿਲਮਜ਼ ਦੇ ਬੈਨਰ ਹੇਠ ਬਣੀ ਨਿਰਮਾਤਾ ਮੁੰਨਾ ਸ਼ੁਕਲ, ਜੈਅੱਸ ਪਟੇਲ, ਸਿਖ਼ਾ ਸ਼ਰਮਾ, ਸਾਗਰ ਐੱਸ ਸ਼ਰਮਾ ਅਤੇ ਸੰਜੀਵ ਸੈਣੀ ਦੀ ਇਹ ਫਿਲਮ 8 ਨਵੰਬਰ ਨੂੰ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।