ArticlesMovie News

ਛੋਟੇ ਪਰਦੇ ਦੀ 'ਚੰਦਰਮੁਖੀ ਚੌਟਾਲਾ' ਬਣੀ ਪੰਜਾਬੀ ਪਰਦੇ ਦੀ 'ਮਿੰਦੋ ਤਸੀਲਦਾਰਨੀ'

ਪਾਲੀਵੁੱਡ ਪੋਸਟ- ਕਾਮੇਡੀ ਸੀਰੀਅਲ ‘ਐੱਫ਼ ਆਈ ਆਰ’ ਦੀ ਚੰਦਰਮੁਖੀ ਚੌਟਾਲਾ (ਕਵਿਤਾ ਕੌਸ਼ਿਕ) ਹੁਣ ਪੰਜਾਬੀ ਪਰਦੇ ‘ਤੇ ਮਿੰਦੋ ਤਸੀਲਦਾਰਨੀ ਬਣ ਕੇ ਆ ਰਹੀ ਹੈ। ਹਰਿਆਣਵੀ ਅੰਦਾਜ਼ ਵਿੱਚ ਥਾਣੇ ‘ਚ ਮੁਲਜ਼ਮਾ ‘ਤੇ ਡੰਡਾ ਚਲਾਉਣ ਵਾਲੀ ਕਵਿਤਾ ਕੌਸ਼ਿਕ ਇੰਨ੍ਹੀਂ ਦਿਨੀਂ ਕਰਮਜੀਤ ਅਨਮੋਲ ਤੇ ਰੰਜੀਵ ਸ਼ਿੰਗਲਾਂ ਪ੍ਰੋਡਕਸ਼ਨ ਦੀ ਇਸ ਫਿਲਮ ਵਿੱਚ ਉੱਚੇ ਆਹੁਦੇ ਵਾਲੀ ਹੀਰੋਇਨ ਬਣੀ ਹੈ। ਜਿੱਥੇ ਉਹ ਤਸੀਲਦਾਰਨੀ ਵਾਲਾ ਰੋਹਬ ਵਿਖਾਵੇਗੀ ਉੱਥੇ ਹੀਰੋ ਬਣੇ ਕਰਮਜੀਤ ਅਨਮੋਲ ਨਾਲ ਰੁਮਾਂਟਿਕ ਦ੍ਰਿਸ਼ਾਂ ਵਿੱਚ ਵੀ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਦਰਸ਼ਕ ਕਵਿਤਾ ਕੌਸ਼ਿਕ ਨੂੰ ਹੁਣ ਤੱਕ ‘ਵੇਖ ਬਰਾਤਾਂ ਚੱਲੀਆਂ’, ਵਧਾਈਆਂ ਜੀ ਵਧਾਈਆ’ ਅਤੇ ‘ਨਨਕਾਣਾ’ ਫ਼ਿਲਮਾਂ ਵਿੱਚ ਵੇਖ ਚੁੱਕੇ ਹਨ। ‘ਮਿੰਦੋ ਤਸੀਲਦਾਰਨੀ’ ‘ਚ ਦਰਸ਼ਕ ਉਸਨੂੰ ਬਹੁਤ ਨਿਵੇਕਲੇ ਤੇ ਪ੍ਰਭਾਵਸ਼ਾਲੀ ਕਿਰਦਾਰ ‘ਚ ਵੇਖਣਗੇ।
ਦਿੱਲੀ ਦੀ ਜੰਮਪਲ ਕਵਿਤਾ ਕੌਸ਼ਿਕ ਪਿਛਲੇ ਲੰਮੇ ਸਮੇਂ ਤੋਂ ਬਾਲੀਵੁੱਡ ਫ਼ਿਲਮਾਂ ਅਤੇ ਟੀ ਵੀ ਚੈਨਲਾਂ ਲਈ ਕੰਮ ਕਰ ਰਹੀ ਹੈ। ਪੰਜਾਬੀ ਸਿਨਮੇ ਦੇ ਸੁਨਹਿਰੀ ਦੌਰ ਨੇ ਕਵਿਤਾ ਨੂੰ ਇੱਧਰ ਆਉਣ ਦਾ ਮੌਕਾ ਦਿੱਤਾ। 28 ਜੂਨ ਨੂੰ ਰਿਲੀਜ਼ ਹੋ ਰਹੀ ਆਪਣੀ ਨਵੀਂ ਫਿਲਮ ਬਾਰੇ ਉਸਦਾ ਕਹਿਣਾ ਹੈ ਕਿ ਭਾਵੇਂਕਿ ਛੋਟੇ ਪਰਦੇ ਨੇ ਉਸਨੂੰ ਵੱਡੀ ਪਛਾਣ ਦਿੱਤੀ ਪਰ ਹੁਣ ਪੰਜਾਬੀ ਸਿਨਮੇ ਲਈ ਇੱਕ ਵੱਖਰਾ ਦਰਸ਼ਕ ਜੋੜ ਰਹੀ ਹੈ,’ਮਿੰਦੋ ਤਸੀਲਦਾਰਨੀ’ ‘ਚ ਦਰਸ਼ਕ ਉਸਦਾ ਇੱਕ ਨਵਾਂ ਅੰਦਾਜ਼ ਵੇਖਣਗੇ। ਇਹ ਇੱਕ ਔਰਤ ਪ੍ਰਧਾਨ ਫ਼ਿਲਮ ਹੈ,ਜਿਸ ਵਿੱਚ ਉਸਨੇ ਇੱਕ ਸਰਕਾਰੀ ਉੱਚ ਅਧਿਕਾਰੀ ਦਾ ਕਿਰਦਾਰ ਨਿਭਾਇਆ ਹੈ। ਨਿਰਦੇਸ਼ਕ ਅਵਤਾਰ ਸਿੰਘ ਦੀ ਇਸ ਫ਼ਿਲਮ ਵਿੱਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ ਤੋਂ ਇਲਾਵਾ ਰਾਜਵੀਰ ਜਵੰਧਾ, ਈਸ਼ਾ ਰਿਖੀ, ਸਰਦਾਰ ਸੋਹੀ, ਹਰਭਜਨ ਸ਼ੇਰਾ, ਰੁਪਿੰਦਰ ਰੂਪੀ, ਮਲਕੀਤ ਰੌਣੀ, ਹਰਬੀ ਸੰਘਾ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ, ਮਲਕੀਤ ਰੌਣੀ, ਦਰਸ਼ਨ ਘਾਰੂ, ਮਿੰਟੂ ਜੱਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸਕਰੀਨ ਪਲੇਅ ਅਤੇ ਪਟਕਥਾ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖਿਆ ਹੈ। ਹੈਪੀ ਰਾਏਕੋਟੀ, ਕੁਲਦੀਪ ਕੰਡਿਆਰਾ, ਗੁਰਬਿੰਦਰ ਮਾਨ ਤੇ ਹਰਮਨਜੀਤ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਨਿੰਜਾ, ਕਰਮਜੀਤ ਅਨਮੋਲ, ਰਾਜਵੀਰ ਜਵੰਧਾ, ਮੰਨਤ ਨੂਰ, ਗੁਰਲੇਜ਼ ਅਖਤਰ, ਸਿੰਕਦਰ ਸਲੀਮ, ਸੰਦੀਪ ਥਿੰਦ ਨੇ ਗਾਇਆ ਹੈ। ਫ਼ਿਲਮ ਦਾ ਸੰਗੀਤ ਜੱਸ ਰਿਕਾਰਡਜ਼ ਵਲੋਂ ਰਿਲੀਜ ਕੀਤਾ ਗਿਆ ਹੈ। 28 ਜੂਨ ਨੂੰ ਇਹ ਫਿਲਮ ਓਮ ਜੀ ਗਰੁੱਪ ਵਲੋਂ ਵਿਸ਼ਵਪੱਧਰ ਤੇ ਰਿਲੀਜ਼ ਕੀਤੀ ਜਾਵੇਗੀ।

Leave a Reply