ArticlesMovie News

ਚੰਗੇ ਕਿਰਦਾਰਾਂ ਨਾਲ ਸਥਾਪਤੀ ਵੱਲ ਵਧ ਰਿਹਾ 'ਦੀਪ ਜੋਸ਼ੀ'

ਪਾਲੀਵੁੱਡ ਪੋਸਟ- ਦੀਪ ਜੋਸ਼ੀ ਕਾਫ਼ੀ ਲੰਮੇਂ ਸਮੇਂ ਤੋਂ ਥੀਏਟਰ ਨਾਲ ਜੁੜਿਆ ਹੋਇਆ ਹੈ ਪਰ ਇੰਨੀਂ ਦਿਨੀਂ ਪੰਜਾਬੀ ਸਿਨੇਮੇ ‘ਚ ਨਵੀਂ ਸੋਚ ਅਤੇ ਜ਼ਜ਼ਬੇ ਨਾਲ ਕੰਮ ਕਰ ਰਿਹਾ ਹੈ। ਉਸਦੀ ਨਵੀਂਂ ਆ ਰਹੀ ਪੰਜਾਬੀ ਫਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’ ਨੌਜਵਾਨਾਂ ਦੀ ਭਾਵਨਾਵਾਂ,ਯਥਾਰਤ ਅਤੇ ਸਮਾਜ ਨਾਲ ਜੁੜੀ ਇੱਕ ਕਹਾਣੀ ਹੈ। ਦੀਪ ਨੇ ਇਸ ਵਿੱਚ ਇੱਕ ਦੇਵ ਨਾਂ ਦੇ ਪਾਤਰ ਦਾ ਕਿਰਦਾਰ ਨਿਭਾਇਆ ਹੈ ਜੋ ਚਾਰ ਦੋਸਤਾਂ ‘ਚੋਂ ਇੱਕ ਹੈ। ਫ਼ਿਲਮ ਦਾ ਨਿਰਦੇਸ਼ਨ ਸਾਗਰ ਐੱਸ ਸ਼ਰਮਾ ਨੇ ਦਿੱਤਾ ਹੈ। ਇਸ ਫਿਲਮ ਦੇ ਟਰੇਲਰ ਨੂੰ ਵੀ ਦਰਸ਼ਕਾਂ ਦਾ ਬਹੁਤ ਵਧੀਆ ਹੁੰਗਾਰਾਂ ਮਿਲ ਰਿਹਾ ਹੈ। ਸ਼ੁਕਲ ਸ਼ੋਅਵਿੱਜ ਤੇ ਯੂ ਬੀ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਸਾਗਰ ਐੱਸ ਸਰਮਾ ਦੀ ਪੇਸ਼ਕਸ਼ ਇਸ ਫਿਲਮ ਵਿੱਚ ਦੀਪ ਜੋਸ਼ੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ, ਕੁਮਾਰ ਅਜੇ, ਜਤਿਨ ਸ਼ਰਮਾ, ਮੋਹਿਤ ਭਾਸ਼ਕਰ, ਕੀਤਿਕਾ ਅਤੇ ਪੂਨਮ ਸੂਦ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਕਹਾਣੀ ਕੁਮਾਰ ਅਜੇ ਨੇ ਲਿਖੀ ਹੈ। ਫਿਲਮ ਦੇ ਗੀਤਾਂ ਨੂੰ ਨਿੰਜਾ ਕਮਾਲ ਖਾਂ ਤੇ ਜੱਗੀ ਸਿੰਘ ਨੇ ਪਲੇਅ ਬੈਕ ਗਾਇਆ ਹੈ। ਸੰਗੀਤ ‘ਐੱਚ ਐੱਸ ਆਰ ਇੰਟਰਟੇਂਮੈਂਟ’ ਵਲੋਂ ਰਿਲੀਜ਼ ਕੀਤਾ ਗਿਆ ਹੈ।
ਰੰਗਮੰਚ ਤੋਂ ਸਿਨੇਮੇ ਵੱਲ ਆਇਆ ਦੀਪ ਜੋਸ਼ੀ ਆਪਣੀ ਸਥਾਪਤੀ ਲਈ ਦਿਨ ਰਾਤ ਸੰਘਰਸ਼ ਕਰਨ ਵਾਲਾ ਕਲਾਕਾਰ ਹੈ। ਉਹ ਇੱਕ ਵਧੀਆ ਅਦਾਕਾਰ ਦੇ ਇਲਾਵਾ ਲੇਖਕ ਤੇ ਨਿਰਦੇਸ਼ਕ ਵੀ ਹੈ। ਭਾਵੇਂਕਿ ਉਸਨੂੰ ਗੁਰਦਾਸ ਮਾਨ ਵਰਗੇ ਨਾਮੀਂ ਫਿਲਮਸਾਜ਼ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਪਰ ਉਸ ਅੰੰਦਰ ਨਿਰੰਤਰ ਅੱਗੇ ਵਧਣ ਦੀ ਚਿਣਗ ਉਸਨੂੰ ਟਿਕਣ ਨਹੀਂ ਦਿੰਦੀ। ਬਤੌਰ ਲੇਖਕ ਨਿਰਦੇਸ਼ਕ ਉਸਨੇ ‘ਬਠਿੰਡਾ ਐਕਸਪ੍ਰੈਸ’ ਫਿਲਮ ਬਣਾਕੇ ਦਰਸ਼ਕਾਂ ਦੀ ਹਾਂ-ਪੱਖੀ ਸੋਚ ਨਾਲ ਆਪਣੇ ਆਪ ‘ਚ ਮਾਣ ਮਹਿਸੂਸ ਕੀਤਾ। ਫ਼ਿਲਮੀ ਗਲ਼ਿਆਰਿਆਂ ‘ਚ ਇਸ ਫਿਲਮ ਦੀ ਖੂਬ ਚਰਚਾ ਹੋਈ।
ਦੀਪ ਜੋਸ਼ੀ ਨੇ ਦੱਸਿਆ ਕਿ ਉਹ ਆਪਣੀ ਗਰੇਜੂਏਸ਼ਨ ਪੂਰੀ ਕਰਨ ਤੋਂ ਬਾਅਦ ਮੁੰਬਈ ਚਲਾ ਗਿਆ ਜਿੱਥੇ ਉਸਨੇ ਸਭ ਤੋਂ ਪਹਿਲਾਂ ਸੋਨੀ ਟੀਵੀ ਦੇ ਚਰਚਿਤ ਸੀਰੀਅਲ ‘ ਲਵ ਸਟੋਰੀ ‘ ਵਿਚ ਕੰਮ ਕੀਤਾ,ਫਿਰ ਜੀਟੀਵੀ ਦੇ ਸੀਰੀਅਲ ‘ਚਲਤੀ ਕਾ ਨਾਮ ਗਾੜੀ’ ਵਿਚ ਵੀ ਕੰਮ ਕੀਤਾ। ਪੰਜਾਬੀ ਫ਼ਿਲਮਾਂ ‘ਚ ਉਸਦੀ ਸੁਰੂਆਤ ‘ਗੁਰਦਾਸ ਮਾਨ ਦੀ ਫ਼ਿਲਮਾਂ ‘ਚੱਕ ਜਵਾਨਾਂ’ ਅਤੇ ‘ਸੁਖਮਨੀ’ ਨਾਲ ਹੋਈ। ਇੰਨਾਂ ਫ਼ਿਲਮਾਂ ਨੇ ਉਸਦੀ ਕਲਾ ਜ਼ਿੰੰਦਗੀ ਨੂੰ ਇਕ ਨਵਾਂ ਮੋੜ ਦਿੱਤਾ। ਇਸ ਤੋਂ ਬਾਅਦ ਦੀਪ ਨੇ ‘ਬੁਰਰਾ’, ਬਠਿੰਡਾ ਐਕਸਪ੍ਰੈਸ’ ਜੁਗਨੀ ਯਾਰਾਂ ਦੀ’ ਸਿੰਘਮ’ ਅਤੇ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’ ਫਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ। ‘ਬਠਿੰਡਾ ਐਕਸਪ੍ਰੈਸ’ ਉਸਦੀ ਬਤੋਰ ਲੇਖਕ-ਨਿਰਦੇਸ਼ਕ ਅਤੇ ਨਾਇਕ ਪਹਿਲੀ ਫ਼ਿਲਮ ਸੀ। ਜਲਦ ਹੀ ਉਸਦੀ ਇਕ ਹਿੰਦੀ ਫ਼ਿਲਮ ਵੀ ਰਿਲੀਜ਼ ਹੋਵੇਗੀ। ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ‘ ਫ਼ਿਲਮ ਤੋਂ ਉਸਨੂੰ ਬਹੁਤ ਆਸਾਂ ਹਨ।