Movie News

ਚਣੌਤੀ ਭਰੇ ਕਿਰਦਾਰ ਨਾਲ ਪਛਾਣ ਬਣਾਵੇਗੀ 'ਕੀਤਿਕਾ'

ਪਾਲੀਵੁੱਡ ਪੋਸਟ- ਅਕਸਰ ਹੀ ਪੰਜਾਬੀ ਫ਼ਿਲਮਾਂ ਵਿੱਚ ਨਾਇਕਾ ਤੋਂ ਬਾਅਦ ਬਾਕੀ ਔਰਤ ਪਾਤਰਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਪਰ ਪਿਛਲੇ ਸਮੇਂ ਕੁਝ ਫ਼ਿਲਮਾਂ ਅਜਿਹੀਆਂ ਵੀ ਆਈਆਂ ਜਿਸ ਵਿੱਚ ਔਰਤ ਪਾਤਰਾਂ ਨੂੰ ਨਾਇਕ ਦੇ ਬਰਾਬਰ ਦੀ ਭੂਮਿਕਾ ‘ਚ ਵਿਖਇਆ ਗਿਆ ਜੋ ਦਰਸਕਾਂ ਦੀ ਵਾਹ ਵਾਹ ਲੈਣ ‘ਚ ਸਫ਼ਲ ਰਹੀਆਂ। ਅਜਿਹੀ ਹੀ ਇੱਕ ਫ਼ਿਲਮ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’ ਆ ਰਹੀ ਹੈ। ਜਿਸ ਦੀ ਅਦਾਕਾਰਾ ਕੀਤਿਕਾ ‘ਮੇਹਰ’ ਨਾਂ ਦੀ ਪਾਤਰ ਵਜੋਂ ਸਮਾਜ ਵਿਚਲੀ ਗੰਦੀ ਸੋਚ ਦੇ ਅਨਸਰਾਂ ਨੂੰ ਸਬਕ ਸਿਖਾਉਣ ਲਈ ਹਥਿਆਰ ਚੁੱਕ ਕੇ ਚੰਡੀ ਦੇ ਰੂਪ ਵਿੱਚ ਪਰਦੇ ‘ ਤੇ ਨਜ਼ਰ ਆਵੇਗੀ। ਇੱਕਲੀ ਕੁੜੀ ਵੇਖ ਕੇ ਟੋਟੇ ਪੁਰਜ਼ੇ, ਮਾਲ ਕਹਿਣ ਵਾਲੇ ਮਨਚਲਿਆਂ, ਸੜਕ ਛਾਪ ਆਸ਼ਕਾਂ ਨੂੰ ਖਰੀਆਂ ਖਰੀਆਂ ਸੁਣਾਉਣ ਵਾਲੀ ‘ਮੇਹਰ’ ਸਮਾਜ ਦੀਆਂ ਕੁੜੀਆਂ ਨੂੰ ਹੌਸਲਾ ਦੇਵੇਗੀ।
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕੀਤਿਕਾ ਪਿਛਲੇ ਕੁਝ ਸਮੇਂ ਤੋਂ ਮੁੰਬਈ ਫ਼ਿਲਮ ਨਗਰੀ ‘ਚ ਰਹਿ ਕੇ ਛੋਟੇ ਪਰਦੇ ਲਈ ਚੰਗਾ ਕੰਮ ਕਰ ਰਹੀ ਹੈ ਤੇ ਹੁਣ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’ ਨਾਲ ਪੰਜਾਬੀ ਫ਼ਿਲਮਾਂ ਦੇ ਵਿਹੜੇ ਦਸਤਕ ਦੇਣ ਆ ਰਹੀ ਹੈ। 8 ਨਵੰਬਰ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ਬਾਰੇ ਕੀਤਿਕਾ ਨੇ ਦੱਸਿਆ ਕਿ ਉਸਦਾ ਪਰਿਵਾਰਕ ਪਿਛੋਕੜ ਭਾਵੇਂ ਫ਼ਿਲਮਾਂ ਵਾਲਾ ਨਹੀਂ ਸੀ ਪਰ ਉਸਨੂੰ ਇਸ ਖੇਤਰ ਵਿੱਚ ਅੱਗੇ ਵਧਣ ਲਈ ਪਰਿਵਾਰ ਵਲੋਂ ਹਮੇਸਾਂ ਹੀ ਸਹਿਯੋਗ ਮਿਲਿਆ ਹੈ। ਉਸਨੇ ਸਕੂਲ ਕਾਲਜ ਦੇ ਦਿਨਾਂ ਵਿੱਚ ਥੀਏਟਰ ਕਰਦਿਆਂ ਹੀ ਫ਼ਿਲਮਾਂ ਵੱਲ ਜਾਣ ਦਾ ਫੈਸਲਾ ਕਰ ਲਿਆ ਸੀ। ਇੰਨੀਂ ਦਿਨੀਂ ਉਸਦੇ ਤਿੰਨ ਚਰਚਿਤ ਸੀਰੀਅਲ ‘ਕ੍ਰਿਸ਼ਨਾ ਚਲੀ ਲੰਦਨ(ਸਟਾਰ ਪਲੱਸ) ਮਾਇਕੇ ਚਲੀ ਜਾਉਂਗੀ (ਸੋਨੀ ਟੀ ਵੀ) ਲਾਲ ਇਸ਼ਕ( ਐਂਡ ਟੀ ਵੀ) ਚੱਲ ਰਹੇ ਹਨ। ਇਸ ਤੋਂ ਇਲਾਵਾ ਦੋ ਹੋਰ ਨਵੇਂ ਸੀਰੀਅਲਾਂ ਦਾ ਕੰਮ ਜਲਦ ਸੁਰੂ ਹੋ ਰਿਹਾ ਹੈ। ਆਪਣੀ ਫ਼ਿਲਮ ਬਾਰੇ ਗੱਲ ਕਰਦਿਆਂ ਕੀਤਿਕਾ ਨੇ ਕਿਹਾ ਕਿ ਇਹ ਮੇਰੀ ਪਹਿਲੀ ਫ਼ਿਲਮ ਹੈ, ਜਿਸ ਵਿੱਚ ਉਸਨੇ ਇੱਕ ਦਲੇਰ ਅਣਖੀ ਕੁੜੀ ਦਾ ਕਿਰਦਾਰ ਨਿਭਾਇਆ ਹੈ। ਇਹ ਫ਼ਿਲਮ ਅੱਜ ਦੇ ਸਮਾਜ ਨਾਲ ਜੁੜੀ ਕਹਾਣੀ ਅਧਾਰਤ ਹੈ। ਮੇਰਾ ਕਿਰਦਾਰ ਇੱਕ ਅਜਿਹੇ ਪਰਿਵਾਰ ‘ਚੋਂ ਹੈ ਜਿਸ ਵਿੱਚ ਉਹ ਦੋ ਭੈਣਾਂ ਤੇ ਇੱਕ ਮਾਂ ਹੈ । ਪਿਤਾ ਦਾ ਸਿਰ ‘ਤੇ ਸਾਇਆ ਨਹੀਂ ਹੈ। ਉਹ ਆਪਣੇ ਪਰਿਵਾਰ ਨੂੰ ਸੁਰਖਿੱਅਤ ਰੱਖਣ ਲਈ ਮਰਦ ਵਾਲੀ ਸੋਚ ਅਤੇ ਜ਼ਜ਼ਬਾ ਰੱਖਦੀ ਹੈ। ਆਮ ਔਰਤ ਵਾਂਗ ਉਹ ਕਮਜ਼ੋਰ ਨਹੀਂ ਹੈ। ਉਹ ਧੱਕੇਸ਼ਾਹੀ ਤੇ ਜਬਰ-ਜ਼ੁਲਮ ਹੁੰਦਾ ਵੇਖ ਚੁੱਪ ਰਹਿਣ ਵਾਲੀ ਨਹੀਂ ਬਲਕਿ ਡਟਕੇ ਵਿਰੋਧ ਕਰਨ ਵਾਲੀ ਕੁੜੀ ਹੈ। ਉਸਦੇ ਇਸ ਕਿਰਦਾਰ ਤੋਂ ਅੱਜ ਦੀਆਂ ਨੌਜਵਾਨ ਕੁੜੀਆਂ ਨੂੰ ਹਿੰਮਤ ਤੇ ਹੌਸਲਾ ਮਿਲੇਗਾ। ਕੁੜੀਆਂ ਨੂੰ ‘ ਪੁਰਜੇ, ਟੋਟੇ ਤੇ ਮਾਲ’ ਕਹਿਣ ਵਾਲੇ ਸਮਾਜ ਨੂੰ ਇਹ ਚੰਗਾ ਸਬਕ ਸਿਖਾਉਂਦੀ ਹੈ ਤੇ ਲੋੜ ਪੈਣ ‘ਤੇ ਮਾਂ-ਭੈਣ ਇੱਕ ਕਰਨ ਦੀ ਵੀ ਹਿੰਮਤ ਰੱਖਦੀ ਹੈ। ਕੀਤਿਕਾ ਨੇ ਦੱਸਿਆ ਕਿ ਫਿਲਮ ‘ਚ ਇਸ ਕਿਰਦਾਰ ਲਈ ਮੈਨੂੰ ਲੇਖਕ ਤੇ ਨਿਰਦੇਸ਼ਕ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਤੇ ਬਹੁਤ ਹੀ ਵਧੀਆਂ ਤਰੀਕੇ ਨਾਲ ਕੈਮਰਾਬੰਧ ਕੀਤਾ। ਸ਼ੁਕਲ ਸ਼ੋਅਵਿੱਜ ਅਤੇ ਯੂ ਬੀ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ-ਨਿਰਦੇਸ਼ਕ ਸਾਗਰ ਐੱਸ ਸਰਮਾ, ਮੁੰਨਾ ਸ਼ੁਕਲ, ਜੈਅੱਸ ਪਟੇਲ, ਸਿਖ਼ਾ ਸ਼ਰਮਾ ਅਤੇ ਸੰਜੀਵ ਸੈਣੀ ਦੀ ਫ਼ਿਲਮ ‘ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਵਿੱਚ ਦੀਪ ਜ਼ੋਸੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ, ਕੁਮਾਰ ਅਜੇ,ਜਤਿਨ, ਮੋਹਿਤ ਭਾਸ਼ਕਰ, ਕੀਤਿਕਾ ਸਤਵੰਤ ਕੌਰ,ਗੋਲਡੀ ਖੁਰਾਣਾ, ਬਲਕਰਨ, ਅਤੇ ਪੂਨਮ ਸੂਦ ਅਹਿਮ ਕਲਾਕਾਰ ਹਨ। ਫਿਲਮ ਦੇ ਗੀਤ ਨਿੰਜਾ ਕਮਾਲ ਖਾਂ ਤੇ ਜੱਗੀ ਸਿੰਘ ਨੇ ਗਾਏ ਹਨ। ਸੰਗੀਤ ਜੱਗੀ ਸਿੰਘ, ਤਰੁਣ ਰਿਸ਼ੀ ਤੇ ਗੁਰਮੀਤ ਸਿੰਘ ਨੇ ਦਿੱਤਾ ਹੈ।