Movie News

ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ‘ਅਰਦਾਸ ਕਰਾਂ’ ਦਾ ਟੀਜ਼ਰ ਰਿਲੀਜ਼

ਪਾਲੀਵੁੱਡ ਪੋਸਟ- ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਜਿੱਥੇ ਕਾਮੇਡੀ ਅਧਾਰਤ ਮਨੋਰੰਜਨ ਭਰਪੂਰ ਫ਼ਿਲਮਾਂ ਨਾਲ ਦਰਸ਼ਕਾਂ ਦਾ ਪਿਆਰ ਖੱਟਿਆ ਹੈ, ਉੱਥੇ ਸਮਾਜਿਕ ਸਰੋਕਾਰਾਂ ਤੇ ਯਥਾਰਤਮਈ ਜ਼ਿੰਦਗੀ ਨਾਲ ਜੁੜੀ ਫ਼ਿਲਮ ‘ਅਰਦਾਸ’ ਦਾ ਨਿਰਮਾਣ ਕਰਕੇ ਪੰਜਾਬੀ ਸਿਨਮਾ ਇਤਿਹਾਸ ਦੇ ਸੁਨਿਹਰੀ ਪੰਨਿਆਂ ‘ਤੇ ਆਪਣਾ ਨਾਂ ਦਰਜ਼ ਕਰਵਾਇਆ ਹੈ। ਦੋ ਸਾਲ ਪਹਿਲਾਂ ਆਈ ਇਸ ਫ਼ਿਲਮ ‘ਅਰਦਾਸ’ ਦਾ ਇੱਕਲਾ ਇੱਕਲਾ ਪਾਤਰ, ਡਾਇਲਾਗ, ਦ੍ਰਿਸ਼ ਤੇ ਗੀਤ ਅੱਜ ਵੀ ਦਰਸ਼ਕਾਂ ਦੇ ਦਿਲਾਂ-ਦਿਮਾਗਾਂ ਵਿੱਚ ਵਸਿਆ ਪਿਆ ਹੈ। ਦਰਸ਼ਕਾਂ ਵਲੋਂ ਮਿਲੇ ਵੱਡੇ ਪਿਆਰ ਸਦਕਾ ਹੁਣ ਗਿੱਪੀ ਗਰੇਵਾਲ ਤੇ ਹੰਬਲ ਮੋਸ਼ਨ ਪਿਕਚਰਜ਼ ‘ਅਰਦਾਸ’ ਦਾ ਸੀਕੁਅਲ ‘ ਅਰਦਾਸ ਕਰਾਂ’ ਲੈ ਕੇ ਆ ਰਹੇ ਹਨ। ਸਾਗਾ ਮਿਊਜ਼ਿਕ ਵਲੋਂ ਇਸ ਫਿਲਮ ਦਾ ਆਫੀਸ਼ਲ ਪੋਸਟਰ ਅਤੇ ਟੀਜ਼ਰ ਅੱਜ ਯੂਟਿਊਬ ਚੈਨਲ ਤੇ ਵਰਲਡਵਾਈਡ ਰਿਲੀਜ਼ ਕੀਤਾ ਗਿਆ। ਜਿਸ ਵਿੱਚ ‘ਸਤਿਗੁਰੂ ਪਿਆਰੇ…’ ਸ਼ਬਦ ਉਚਾਰਣ ਦੇ ਪਿੱਠਵਰਤੀ ਬੋਲਾਂ ਦੌਰਾਨ ਗੁਰੂ ਦੇ ਦੁਆਰ ‘ਤੇ ਅਰਦਾਸ ਕਰਦੇ ਗਿੱਪੀ ਗਰੇਵਾਲ ਦੇ ਵੱਡੇ ਬੇਟੇ ਗੁਰਫਤਿਹ ਸਿੰਘ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਦੀ ਝਲਕ ਵਿਖਾਈ ਦਿੱਤੀ।
ਫ਼ਿਲਮ ਨਿਰਮਾਣ, ਡਿਸਟਰੀਬਿਊਸ਼ਨ ਅਤੇ ਸੰਗੀਤ ਦੇ ਖੇਤਰ ਵਿੱਚ ਸਾਗਾ ਮਿਊਜ਼ਿਕ ਇੱਕ ਨਾਮਵਰ ਕੰਪਨੀ ਹੈ। ਇਸ ਦੇ ਮਾਲਕ ਸੁਮੀਤ ਸਿੰਘ ਹਮੇਸ਼ਾਂ ਹੀ ਚੰਗੀਆਂ ਤੇ ਅਰਥਭਰਪੂਰ ਮਨੋਰੰਜਕ ਫ਼ਿਲਮਾਂ ਪੰਜਾਬੀ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ। ‘ਅਰਦਾਸ ਕਰਾਂ’ ਵੀ ਪੰਜਾਬੀ ਦਰਸ਼ਕਾਂ ਦੀ ਪਸੰਦ ‘ਤੇ ਖਰੀ ਉੱਤਰਣ ਵਾਲੀ ਇੱਕ ਚੰਗੀ ਫ਼ਿਲਮ ਹੈ।
19 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦਾ ਨਿਰਮਾਤਾ, ਲੇਖਕ ਤੇ ਨਿਰਦੇਸ਼ਕ ਖੁਦ ਗਿੱਪੀ ਗਰੇਵਾਲ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਦਾ ਲਿਖਿਆ ਹੈ, ਡਾਇਲਾਗ ਰਾਣਾ ਰਣਬੀਰ ਨੇ ਲਿਖੇ ਹਨ। ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਮੇਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾਂ ਪੱਬੀ, ਰਾਣਾ ਜੰਗ ਬਹਾਦਰ, ਮਲਕੀਤ ਰੌਣੀ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫੋਟੋਗ੍ਰਾਫ਼ੀ ਡਾਇਰੈਕਟਰ ਬਲਜੀਤ ਸਿੰਘ ਦਿਓ ਹਨ।

Leave a Reply