Movie News

ਔਰਤ ਪ੍ਰਧਾਨ ਕਿਰਦਾਰਾਂ ਤੋਂ ਵਧੇਰੇ ਪ੍ਰਭਾਵਿਤ ਹੈ 'ਸਿੱਧੀ ਆਹੂਜਾ'

ਪਾਲੀਵੁੱਡ ਪੋਸਟ- ਸਿੱਧੀ ਆਹੂਜਾ ਪੰਜਾਬੀ ਸਿਨੇਮੇ ਨਾਲ ਜੁੜੀਆਂ ਨਵੀਆਂ ਖੂਬਸੁਰਤ ਅਭਿਨੇਤਰੀਆਂ ‘ਚੋਂ ਇੱਕ ਹੈ ਜਿਸਦੀ ਪਹਿਲੀ ਫ਼ਿਲਮ ‘ਜੁਗਨੀ ਯਾਰਾਂ ਦੀ’ ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਈ ਹੈ ਤੇ ਹੁਣ ਉਹ ਆਪਣੀ ਨਵੀਂ ਫ਼ਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’ ਲੈ ਆ ਰਹੀ ਹੈ। ਇਸ ਫ਼ਿਲਮ ਵਿੱਚ ਉਸਨੇ ‘ਰੀਤ’ ਨਾਂ ਦੀ ਇੱਕ ਐਸੀ ਬੇਟੀ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਸਿਰ ‘ਤੇ ਬਾਪ ਦਾ ਸਾਇਆ ਨਾ ਹੋਣ ਕਰਕੇ ਆਪਣੀ ਮਾਂ ਅਤੇ ਛੋਟੀ ਭੈਣ ਸਮੇਤ ਪੂਰੇ ਪਰਿਵਾਰ ਦੀ ਜਿੰਮੇਵਾਰੀ ਉਠਾ ਰਹੀ ਹੈ ਤੇ ਅਨੇਕਾਂ ਮੁਸ਼ਕਲਾਂ ‘ਚੋਂ ਲੰਘਦੀ ਹੋਈ ਬੜੀ ਹਿੰਮਤ ਤੇ ਦਲੇਰੀ ਨਾਲ ਸਮਾਜ ਦਾ ਸਾਹਮਣਾ ਕਰਦੀ ਹੈ।
ਸਿੱਧੀ ਆਹੂਜਾ ਦਾ ਕਹਿਣਾ ਹੈ ਕਿ ਇਹ ਕਿਰਦਾਰ ਅੱਜ ਦੀਆਂ ਕੁੜੀਆਂ ਲਈ ਇੱਕ ਵੱਡੇ ਮੈਸਜ਼ ਵਾਲਾ ਹੋਵੇਗਾ ਜੋ ਆਪਣੇ ਆਪ ਨੂੰ ਮੁੰਡਿਆਂ ਤੋਂ ਘੱਟ ਸਮਝਦੀਆਂ ਹਨ। ਮੈਨੂੰ ਖੁਸ਼ੀ ਹੈ ਕਿ ਨਿਰਮਾਤਾ ਨਿਰਦੇਸ਼ਕ ਸਾਗਰ ਐੱਸ ਸ਼ਰਮਾ ਨੇ ਫ਼ਿਲਮ ਦੇ ਇਸ ਕਿਰਦਾਰ ਲਈ ਮੈਨੂੰ ਚੁਣ ਕੇ ਚੰਗੀ ਅਦਾਕਾਰੀ ਪੇਸ਼ ਕਰਨ ਦਾ ਮੌਕਾ ਦਿੱਤਾ। ਸ਼ੁਕਲ ਸ਼ੋਅਵਿੱਜ ਅਤੇ ਯੂ ਬੀ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ-ਨਿਰਦੇਸ਼ਕ ਸਾਗਰ ਐੱਸ ਸਰਮਾ, ਮੁੰਨਾ ਸ਼ੁਕਲ, ਜੈਅੱਸ ਪਟੇਲ, ਸਿਖ਼ਾ ਸ਼ਰਮਾ ਅਤੇ ਸੰਜੀਵ ਸੈਣੀ ਦੀ ਫ਼ਿਲਮ ‘ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਵਿੱਚ ਦੀਪ ਜ਼ੋਸੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ, ਕੁਮਾਰ ਅਜੇ,ਜਤਿਨ, ਮੋਹਿਤ ਭਾਸ਼ਕਰ, ਕੀਤਿਕਾ ਸਤਵੰਤ ਕੌਰ,ਗੋਲਡੀ ਖੁਰਾਣਾ, ਬਲਕਰਨ, ਅਤੇ ਪੂਨਮ ਸੂਦ ਅਹਿਮ ਕਲਾਕਾਰ ਹਨ। ਫਿਲਮ ਦੇ ਗੀਤ ਨਿੰਜਾ ਕਮਾਲ ਖਾਂ ਤੇ ਜੱਗੀ ਸਿੰਘ ਨੇ ਗਾਏ ਹਨ। ਸੰਗੀਤ ਜੱਗੀ ਸਿੰਘ, ਤਰੁਣ ਰਿਸ਼ੀ ਤੇ ਗੁਰਮੀਤ ਸਿੰਘ ਨੇ ਦਿੱਤਾ ਹੈ।
ਸਿੱਧੀ ਆਹੂਜਾ ਦਿੱਲੀ ਦੇ ਪੰਜਾਬੀ ਪਰਿਵਾਰ ਦੀ ਧੀ ਹੈ। ਫ਼ਿਲਮਾਂ ਵੱਲ ਆਉਣ ਲਈ ਉਸਦੇ ਪਰਿਵਾਰ ਨੇ ਉਸਨੂੰ ਪੂਰਾ ਸਹਿਯੋਗ ਦਿੱਤਾ ਹੈ। ਪਹਿਲਾਂ ਉਹ ਮਾਡਲਿੰਗ ਦੇ ਖੇਤਰ ਵਿੱਚ ਸਰਗਰਮ ਹੋਈ ਤੇ ਅੰਤਰਰਾਸ਼ਟਰੀ ਪੱਧਰ ਦੀ ਮਾਡੰਿਲਗ ‘ਚ ਆਪਣਾ ਚੰਗਾ ਨਾਂ ਬਣਾਇਆ। ਸਿੱਧੀ ਆਹੂਜਾ ਪੌਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਸਰਗਰਮ ਹੈ, ਜਿੱਥੇ ਉਹ ਫ਼ਿਲਮਾਂ ਦੇ ਨਾਲ ਨਾਲ ਵੈੱਬ ਸੀਰਿਜ਼ ਲਈ ਵੀ ਕੰਮ ਕਰ ਰਹੀ ਹੈ। ਪੰਜਾਬੀ ਫ਼ਿਲਮ ਇੰਡਸਟਰੀ ‘ਚੋਂ ਨੀਰੂ ਬਾਜਵਾ, ਸੋਨਮ ਬਾਜਵਾ ਤੇ ਦਿਲਜੀਤ ਦੁਸਾਂਝ ਉਸਦੇ ਮਨਪਸੰਦ ਕਲਾਕਾਰ ਹਨ। ਸੋਨਮ ਬਾਜਵਾ ਦੇ ਔਰਤ ਪ੍ਰਧਾਨ ਕਿਰਦਾਰਾਂ ਤੋਂ ਸਿੱਧੀ ਆਹੂਜਾ ਵਧੇਰੇ ਪ੍ਰਭਾਵਤ ਹੈ।

Leave a Reply