Articles

ਅਦਾਕਾਰੀ ਤੋਂ ਗਾਇਕੀ ਵੱਲ ਸਰਗਰਮ ਹੋਇਆ ਹਰੀਸ਼ ਵਰਮਾ ਲੈ ਕੇ ਆ ਰਿਹਾ ਹੈ ਨਵਾਂ ਸਿੰਗਲ ਟਰੈਕ 'ਸ਼ਰਮ'

ਪਾਲੀਵੁੱਡ ਪੋਸਟ- ਹਰੀਸ਼ ਵਰਮਾ ਪੰਜਾਬੀ ਫ਼ਿਲਮਾਂ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਹੈ। ਪੰਜਾਬੀ ਰੰਗਮੰਚ ਤੋ ਫ਼ਿਲਮਾਂ ਵੱਲ ਆਏ ਇਸ ਅਦਾਕਾਰ ਨੇ ਦਰਜ਼ਨਾਂ ਪੰਜਾਬੀ ਫ਼ਿਲਮਾਂ ਰਾਹੀਂ ਵੱਖ ਵੱਖ ਕਿਰਦਾਰਾਂ ਸਦਕਾ ਆਪਣੀ ਪਛਾਣ ਬਣਾਈ। ਹਰੀਸ਼ ਵਰਮਾ ਚੰਡੀਗੜ੍ਹ ਦਾ ਜੰਮਪਲ ਹੈ ਜੋ ਲੰਮੇ ਸਮੇਂ ਤੋਂ ਨਾਟਕਾਂ ਅਤੇ ਦੂਰਦਰਸ਼ਨ ਸੀਰੀਅਲਾਂ ਰਾਹੀਂ ਆਪਣੀ ਕਲਾ ਦਾ ਮੁਜਾਹਰਾ ਕਰਦਾ ਆ ਰਿਹਾ ਸੀ ਪਰ 2010 ਵਿੱਚ ਉਸਨੇ ‘ਪੰਜਾਬਣ’ ਫ਼ਿਲਮ ਰਾਹੀਂ ਫ਼ਿਲਮੀ ਖੇਤਰ ਵੱਲ ਕਦਮ ਵਧਾਇਆ। ਅੱਜ ਉਹ ਦੋ ਦਰਜ਼ਨ ਦੇ ਕਰੀਬ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਉਸਦੀਆਂ ਫਿਲਮਾਂ ਨੇ ਉਸਦੇ ਕਲਾ ਜੀਵਨ ਨੂੰ ਇੱਕ ਨਵਾਂ ਮੋੜ ਦਿੱਤਾ। ‘ਬੁਰਰਾਹ, ਡੈਡੀ ਕੂਲ ਮੁੰਡੇ ਫੂਲ, ਹੈਪੀ ਗੋ ਲੱਕੀ। ਵਿਆਹ 70 ਕਿਲੋਮੀਟਰ, ਪ੍ਰੋਪਰ ਪਟੋਲਾ, ਸੂਬੇਦਾਰ ਜੁਗਿੰਦਰ ਸਿੰਘ, ਯਾਰ ਅਣਮੁੱਲੇ, ਗੋਲਕ ਬੁਗਨੀ ਬੈਂਕ ਬਟੂਆ, ਮੁੰਡਾ ਹੀ ਚਾਹੀਦਾ, ਲਾਈਏ ਜੇ ਯਾਰੀਆਂ, ਆਦਿ ਫ਼ਿਲਮਾਂ ਨਾਲ ਹਰੀਸ਼ ਵਰਮਾ ਕਲਾ ਦੇ ਖੇਤਰ ਵਿੱਚ ਕਈ ਕਦਮ ਅੱਗੇ ਵਧਿਆ।ਹਰੀਸ਼ ਵਰਮਾ ਇੱਕ ਬਹੁਪੱਖੀ ਕਲਾਕਾਰ ਹੈ ਜਿਸਨੇ ਅਦਾਕਾਰੀ ਤੋਂ ਇਲਾਵਾ ਕੁਝ ਟੀਵੀ ਚੈਨਲਾਂ ਦੇ ਅਹਿਮ ਪ੍ਰੋਗਰਾਮਾਂ ਦੀ ਐਕਰਿੰਗ ਵੀ ਕੀਤੀ। ਬਹੁਤ ਘੱਟ ਦਰਸ਼ਕਾਂ ਨੂੰ ਪਤਾ ਹੋਵੇਗਾ ਕਿ ਹਰੀਸ਼ ਵਰਮਾ ਇੱਕ ਸੁਰੀਲਾ ਗਾਇਕ ਵੀ ਹੈ ਤੇ ਉਸਦੇ ਟੀ ਸੀਰਜ਼ ਵਰਗੀ ਨਾਮੀਂ ਕੰਪਨੀ ਵਿੱਚ ‘ਜਾਨੀ, ਬੀ ਪਰੈਕ’ ਵਰਗੇ ਕਲਾ ਮਹਾਂਰਥੀਆਂ ਨਾਲ ਕਈ ਸਿੰਗਲ ਟਰੈਕ ਵੀ ਆ ਚੁੱਕੇ ਹਨ। ‘ਇੱਕ ਵਾਰੀ ਸੋਚ ਲੈ, ਯਾਰ ਵੇ, ਚਿਹਰੇ ਅਤੇ ਜੁਦਾਈਆ’ ਤੋਂ ਬਾਅਦ ਹੁਣ ਇੱਕ ਹੋਰ ਸਿੰਗਲ ਟਰੈਕ ‘ਸ਼ਰਮ’ ਲੈ ਕੇ ਹਰੀਸ਼ ਵਰਮਾ ਮੁੜ ਹਾਜ਼ਰ ਹੋਇਆ ਹੈ। ਇਸ ਗੀਤ ਨੂੰ ਦਲਜੀਤ ਚਿੱਟੀ ਨੇ ਲਿਖਿਆ ਹੈ ਤੇ ਸਿਲਵਰ ਕੋਆਈਨ ਨੇ ਸੰਗੀਤ ਦਿੱਤਾ ਹੈ। ਟੀ ਸੀਰਜ਼ ਕੰਪਨੀ ‘ਚ 9 ਦਸੰਬਰ ਨੂੰ ਆ ਰਹੇ ਇਸ ਗੀਤ ਨੂੰ ਫਰੇਮ ਸਿੰਘ ਨੇ ਫ਼ਿਲਮਾਇਆ ਹੈ। ਯਕੀਨਣ ਇਹ ਗੀਤ ਵੀ ਹਰੀਸ਼ ਵਰਮਾ ਦੇ ਪਹਿਲੇ ਗੀਤਾਂ ਵਾਂਗ ਉਸਦੇ ਸਰੋਤਿਆਂ ਦੀ ਪਸੰਦ ਤੇ ਪੂਰਾ ਉੱਤਰੇਗਾ ਤੇ ਗਾਇਕੀ ਦੇ ਖੇਤਰ ਵਿੱਚ ਉਸਦੀ ਪਛਾਣ ਨੂੰ ਹੋਰ ਵੀ ਗੂੜ੍ਹਾ ਕਰੇਗਾ।